ਸੜਕ 'ਤੇ ਆਇਆ ਕਾਂਗਰਸ ਦਾ ਆਪਸੀ ਕਲੇਸ਼, ਸਿੱਧੂ ਤੇ ਬਰਿੰਦਰ ਢਿਲੋਂ ਵਿਚਕਾਰ ਹੋਈ ਤਿੱਖੀ ਬਹਿਸ
ਤਕਰਾਰ ਇੰਨੀ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ
ਚੰਡੀਗੜ੍ਹ - ਪੰਜਾਬ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੀ ਆਪਸੀ ਲੜਾਈ ਸੜਕਾਂ 'ਤੇ ਵੀ ਨਸ਼ਰ ਹੋ ਗਈ ਹੈ। ਪੰਜਾਬ ਕਾਂਗਰਸ ਵੱਲੋਂ ਵੀਰਵਾਰ ਨੂੰ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿਚਾਲੇ ਅਣਬਣ ਹੋ ਗਈ। ਸਿੱਧੂ ਵੱਲੋਂ ਆਪਣੇ ਆਪ ਨੂੰ ਇਮਾਨਦਾਰ ਅਤੇ ਕੁਝ ਹੋਰ ਕਾਂਗਰਸੀਆਂ ਨੂੰ ਭ੍ਰਿਸ਼ਟ ਦੱਸਣ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਬਾਕੀ ਆਗੂ ਉਥੋਂ ਖਿਸਕ ਗਏ। ਇਸ ਤੋਂ ਬਾਅਦ ਕਾਂਗਰਸ ਦਾ ਪ੍ਰਦਰਸ਼ਨ ਖ਼ਤਮ ਹੋ ਗਿਆ।
ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਮਾਨਦਾਰ ਹਨ ਪਰ ਕਾਂਗਰਸ 'ਚ ਕੁਝ ਭ੍ਰਿਸ਼ਟ ਨੇਤਾ ਹਨ। ਇਹ ਸੁਣ ਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਗੁੱਸੇ 'ਚ ਆ ਗਏ। ਉਨ੍ਹਾਂ ਸਿੱਧੂ ਨੂੰ ਕਿਹਾ ਕਿ ਜਿਹੜੇ ਲੋਕ ਭ੍ਰਿਸ਼ਟ ਹਨ, ਸਿੱਧੂ ਉਨ੍ਹਾਂ ਦਾ ਨਾਂ ਲੈਣ। ਢਿੱਲੋਂ ਨੇ ਇੱਥੋਂ ਤੱਕ ਕਿਹਾ ਕਿ ਸਿੱਧੂ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਬਹਿਸ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਆਗੂਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਮੇਰਾ ਇਤਰਾਜ਼ ਹੈ ਕਿ ਜੇਕਰ ਮਹਿੰਗਾਈ ਦੀ ਗੱਲ ਹੈ ਤਾਂ ਧਰਨੇ 'ਤੇ ਬੈਠ ਕੇ ਗੱਲ ਕੀਤੀ ਜਾਵੇ। ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਇਮਾਨਦਾਰ ਹਾਂ ਪਰ ਕੁਝ ਲੋਕ ਬੇਈਮਾਨ ਹਨ ਪਰ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ। ਢਿੱਲੋਂ ਨੇ ਕਿਹਾ ਕਿ ਮੈਂ ਕਿਹਾ ਤਾਂ ਉਨ੍ਹਾਂ ਦਾ ਨਾਂ ਲਓ ਤਾਂ ਜੋ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ। ਜੇ ਤੁਸੀਂ ਨਾਮ ਨਹੀਂ ਦੱਸਣਾ ਚਾਹੁੰਦੇ ਹੋ, ਤਾਂ ਪਾਰਟੀਲਾਈਨ 'ਤੇ ਰਹੋ।