‘ਸੰਵਿਧਾਨ ਮਾਸ ਖਾਣ ਦੀ ਇਜਾਜ਼ਤ ਦਿੰਦੈ, ਪ੍ਰਸ਼ਾਸਨ ਰੋਕਣ ਵਾਲਾ ਕੌਣ’
‘ਸੰਵਿਧਾਨ ਮਾਸ ਖਾਣ ਦੀ ਇਜਾਜ਼ਤ ਦਿੰਦੈ, ਪ੍ਰਸ਼ਾਸਨ ਰੋਕਣ ਵਾਲਾ ਕੌਣ’
ਨਵੀਂ ਦਿੱਲੀ, 6 ਅਪ੍ਰੈਲ : ਤਿ੍ਰਣਮੂਲ ਕਾਂਗਰਸ ਦੀ ਸਾਂਸਦ ਮਹੁਆ ਮੋਇਤਰਾ ਨੇ ਨਰਾਤਿਆਂ ਦੇ ਮੌਕੇ ’ਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਮੀਟ ਦੀਆਂ ਦੁਕਾਨਾਂ ’ਤੇ ਪਾਬੰਦੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਉਨ੍ਹਾਂ ਨੂੰ ਮਾਸ ਖਾਣ ਦੀ ਇਜਾਜ਼ਤ ਦਿੰਦਾ ਹੈ ਤਾਂ ਪ੍ਰਸ਼ਾਸਨ ਰੋਕਣ ਵਾਲਾ ਕੌਣ ਹੈ। ਟੀਐਮਸੀ ਸੰਸਦ ਮਹੁਆ ਮੋਇਤਰਾ ਨੇ ਇਸ ਮੁੱਦੇ ’ਤੇ ਟਵੀਟ ਕੀਤਾ ਅਤੇ ਲਿਖਿਆ, ‘ਮੈਂ ਦਖਣੀ ਦਿੱਲੀ ਵਿਚ ਰਹਿੰਦੀ ਹਾਂ। ਸੰਵਿਧਾਨ ਮੈਨੂੰ ਜਦੋਂ ਚਾਹੇ ਮਾਸ ਖਾਣ ਦੀ ਇਜਾਜ਼ਤ ਦਿੰਦਾ ਹੈ। ਦੁਕਾਨਦਾਰਾਂ ਨੂੰ ਵੀ ਅਪਣਾ ਕਾਰੋਬਾਰ ਚਲਾਉਣ ਦੀ ਆਜ਼ਾਦੀ ਹੈ। ਦਸ ਦਈਏ ਕਿ ਦਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਿਆਨ ਨੇ ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ ਅਤੇ ਕਿਹਾ ਹੈ ਕਿ ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਮੇਅਰ ਦਾ ਕਹਿਣਾ ਹੈ ਕਿ ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਖੁਲ੍ਹੀਆਂ ਰੱਖਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਮੁਕੇਸ਼ ਸੂਰਿਆਨ ਨੇ ਕਿਹਾ, ‘ਲੋਕਾਂ ਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ। ਵਰਤ ਰੱਖਣ ਵਾਲਿਆਂ ਨੂੰ ਖੁਲ੍ਹੇ ਵਿਚ ਮੀਟ ਕੱਟਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਇਹ ਕਿਸੇ ਦੀ ਨਿਜੀ ਆਜ਼ਾਦੀ ਦੀ ਉਲੰਘਣਾ ਨਹੀਂ ਹੈ? ਪੂਰਬੀ ਦਿੱਲੀ ਦੇ ਮੇਅਰ ਨੇ ਵੀ ਅਜਿਹੀ ਹੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮੀਟ ਵਿਕਰੇਤਾਵਾਂ ਨੂੰ ਅਪੀਲ ਕਰਦੇ ਹਨ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਪਣੀਆਂ ਦੁਕਾਨਾਂ ਬੰਦ ਰੱਖਣ। (ਏਜੰਸੀ)