ਲੁਧਿਆਣਾ 'ਚ ਜਾਖੜ ਖਿਲਾਫ਼ ਦੂਜੇ ਦਿਨ ਵੀ ਧਰਨਾ: SCST 'ਚ ਕਾਂਗਰਸੀ ਆਗੂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ
ਬੀਤੇ ਦਿਨੀਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ
ਲੁਧਿਆਣਾ - ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖਿਲਾਫ਼਼ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ 'ਚੋਂ ਦਲਿਤ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰ ਆਏ। ਲੋਕ ਉਹਨਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ ਹਾਲਾਂਕਿ ਸੁਨੀਲ ਜਾਖੜ ਨੇ ਅਪਣਾ ਸ਼ਪੱਸ਼ਟੀਕਰਨ ਦਿੱਤਾ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਲੁਧਿਆਣਾ ਵਿਚ ਸ੍ਰੀ ਗੁਰੂ ਰਵਿਦਾਸ ਧਰਮ ਸਮਾਜ ਵੱਲੋਂ ਪ੍ਰਦਰਸ਼ਨ ਕਰਦਿਆਂ ਜਾਖੜ ਦੇ ਬਿਆਨ ਦੀ ਨਿਖੇਧੀ ਕੀਤੀ ਗਈ। ਸਤਿਗੁਰੂ ਧਰਮ ਸਮਾਜ ਪੰਜਾਬ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵੱਲੋਂ ਲੁਧਿਆਣਾ ਵਿਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਐਸ.ਸੀ.ਐਸ.ਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ, ਤਾਂ ਜੋ ਪੰਜਾਬ ਵਿਚ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣੀ ਰਹੇ।
ਦੱਸ ਦਈਏ ਕਿ ਸੁਨੀਲ ਜਾਖੜ ਨੇ ਬੀਤੇ ਦਿਨੀਂ ਵਿਵਾਦਤ ਬਿਆਨ ’ਤੇ ਸਪੱਸ਼ਟੀਕਰਨ ਵੀ ਦੇ ਦਿੱਤਾ ਸੀ। ਸੁਨੀਲ ਜਾਖੜ ਨੇ ਕਿਹਾ ਸੀ ਕਿ “ਮੈਂ ਸਾਰੇ ਧਰਮਾਂ ਅਤੇ ਜਾਤਾਂ ਦਾ ਸਨਮਾਨ ਕਰਦਾ ਹਾਂ। ਕਿਸੇ ਵਿਅਕਤੀ ਵਿਸ਼ੇਸ਼ ਦੀ ਧਰਮ/ਜਾਤੀ ਪ੍ਰਤੀ ਟਿੱਪਣੀ ਕਰਨ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਮੈਂ ਪਿਛੜੇ ਵਰਗ ਦੀ ਲੜਾਈ ਹਮੇਸ਼ਾ ਅੱਗੇ ਹੋ ਕੇ ਲੜੀ ਹੈ। ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਅਫ਼ਸੋਸ ਹੈ”