ਮਿਸ ਪੰਜਾਬਣ ਮਾਮਲੇ ਵਿਚ ਪੀ.ਟੀ.ਸੀ. ਚੈਨਲ ਦੇ ਐਮ.ਡੀ. ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ

ਏਜੰਸੀ

ਖ਼ਬਰਾਂ, ਪੰਜਾਬ

ਮਿਸ ਪੰਜਾਬਣ ਮਾਮਲੇ ਵਿਚ ਪੀ.ਟੀ.ਸੀ. ਚੈਨਲ ਦੇ ਐਮ.ਡੀ. ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ

IMAGE


ਪੁਲਿਸ ਨੇ ਕੇਸ ਦੇ ਸਾਰੇ ਵੇਰਵੇ ਜਾਰੀ ਕੀਤੇ

ਚੰਡੀਗੜ੍ਹ, 6 ਅਪ੍ਰੈਲ (ਸੁਖਦੀਪ ਸਿੰਘ ਸੋਈ) ਪੰਜਾਬ ਪੁਲਿਸ ਨੇ ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੂੰ  ਹਿਰਾਸਤ ਵਿਚ ਲੈ ਲਿਆ ਹੈ | ਉਨ੍ਹਾਂ ਤੋਂ ਪੀਟੀਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵਲੋਂ ਦਰਜ ਕਰਵਾਈ ਐਫ਼ ਆਈ ਆਰ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ | ਰਬਿੰਦਰ ਨਾਰਾਇਣ ਨੂੰ  ਗੁੜਗਾਉਂ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਗਿਆ | ਲੜਕੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ  ਇਕ ਹੋਟਲ ਦੇ ਕਮਰੇ ਵਿਚ ਬੰਦ ਕਰ ਦਿਤਾ ਗਿਆ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ | ਪੀਟੀਸੀ ਹਰ ਸਾਲ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਦਾ ਹੈ |
ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਇਕ ਹੋਰ ਮੁੱਖ ਦੋਸ਼ੀ ਲੜਕੀ ਹੈ ਜੋ ਇਕ ਮਿਸ ਪੰਜਾਬਣ ਦੇ ਨਾਂ 'ਤੇ ਭੋਲੀਆਂ ਭਾਲੀਆਂ ਲੜਕੀਆਂ ਨੂੰ  ਗ਼ਲਤ ਧੰਦੇ ਵਿਚ ਧਕੇਲਦੀ ਸੀ | ਸੂਤਰਾਂ ਅਨੁਸਾਰ ਦਰਜ ਹੋਏ ਮੁਕੱਦਮੇ ਵਿਚ ਇਕ ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਪੀਟੀਸੀ ਚੈਨਲ ਦੇ ਮਿਸ ਪੰਜਾਬਣ ਦੇ ਨਾਂ 'ਤੇ ਲੜਕੀਆਂ ਬੁਲਾਈਆਂ ਜਾਂਦੀਆਂ ਸਨ ਤੇ ਹੋਟਲਾਂ ਵਿਚ ਰਖਿਆ ਜਾਂਦਾ ਸੀ, ਜਿਥੇ ਕਿ ਉਨ੍ਹਾਂ ਨੂੰ  ਵੱਡੇ ਵੱਡੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ | ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਕਸ ਰੈਕੇਟ ਵਿਚ ਕਿਹੜੇ ਕਿਹੜੇ ਵੱਡੇ ਨੇਤਾ ਤੇ ਵੱਡੇ ਅਧਿਕਾਰੀ ਫਸਦੇ ਹਨ |
ਇਸੇ ਤਰ੍ਹਾਂ ਅੱਜ ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੇ ਪੀ.ਟੀ.ਸੀ ਮਿਸ ਪੰਜਾਬਣ ਮੁਕਾਬਲੇ ਦੇ ਮਾਮਲੇ ਅਤੇ ਇਸ ਮਾਮਲੇ ਦੀ ਹੁਣ ਤਕ ਦੀ ਜਾਂਚ ਦੇ ਵੇਰਵੇ ਦਿਤੇ | ਪ੍ਰਗਟਾਵਾ ਕੀਤਾ ਗਿਆ ਕਿ ਮਿਤੀ 15.03.2022 ਨੂੰ  ਇਕ ਪਟੀਸ਼ਨਰ ਗਿਆਨ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਦੀ ਧੀ ਮਿਸ ਪੀ.ਟੀ.ਸੀ.ਪੰਜਾਬਣ ਮੁਕਾਬਲੇ ਵਿਚ ਭਾਗ ਲੈਣ ਵਾਲੀ ਹੈ ਅਤੇ ਉਸ 'ਤੇ ਗ਼ੈਰ ਕਾਨੂੰਨੀ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ |
ਉਸ ਨੂੰ  ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੇ ਮੁਲਜ਼ਮਾਂ ਦੀ ਮਨਮਰਜ਼ੀ ਨਾਲ ਮਨੋਰੰਜਨ ਕਰਨ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਾਰਨ ਉਸ ਨੂੰ  ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਨਾ ਤਾਂ ਉਸ ਨੂੰ  ਖਾਣਾ ਅਤੇ ਨਾ ਹੀ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ |
ਪਟੀਸ਼ਨਰ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦੀ ਲੜਕੀ ਦੀ ਰਿਹਾਈ ਲਈ 50 ਲੱਖ ਰੁਪਏ ਦੀ ਮੰਗ ਕਰ ਰਹੇ ਹਨ | ਉਕਤ ਪਟੀਸ਼ਨ 'ਤੇ ਅਦਾਲਤ ਨੇ 15.03.2022 ਨੂੰ  ਵਾਰੰਟ ਅਫ਼ਸਰ ਨਿਯੁਕਤ ਕੀਤਾ | ਵਾਰੰਟ ਅਫ਼ਸਰ ਨੇ ਨਜ਼ਰਬੰਦ ਨੂੰ  ਰਿਹਾਅ ਕਰ ਕੇ ਰੀਪੋਰਟ ਸੌਂਪ ਦਿਤੀ | ਮਿਤੀ 17 ਮਾਰਚ ਨੂੰ   ਸ਼ਿਕਾਇਤਕਰਤਾ ਨੇ ਮੁਹਾਲੀ ਪੁਲਿਸ ਦੇ ਮਹਿਲਾ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਉਸ ਨੇ ਮਿਸ ਪੀ.ਟੀ.ਸੀ. ਪੰਜਾਬਣ ਮੁਕਾਬਲੇ ਵਿਚ ਭਾਗ ਲਿਆ ਸੀ ਅਤੇ ਉਹ ਪੀ.ਟੀ.ਸੀ ਦਫ਼ਤਰ, ਉਦਯੋਗਿਕ ਖੇਤਰ 138 ਫ਼ੇਜ਼ 8 ਬੀ ਉਦਯੋਗਿਕ ਖੇਤਰ ਵਿਖੇ ਪ੍ਰੀ ਅਤੇ ਮੈਗਾ ਆਡੀਸ਼ਨਾਂ ਵਿਚ ਚੁਣੀ ਗਈ ਸੀ | ਜਿਵੇਂ ਕਿ ਉਹ ਚੁਣੀ ਗਈ ਸੀ, ਇਸ ਲਈ ਉਸ ਨੂੰ  ਮਿਸ ਪੀਟੀਸੀ ਵਿਚ ਭਾਗ ਲੈਣ ਲਈ 10-3-2022 ਨੂੰ  ਬੁਲਾਇਆ ਗਿਆ ਸੀ | ਸਾਰੀਆਂ ਲੜਕੀਆਂ ਨੂੰ  ਜੇਡੀ ਰੈਜ਼ੀਡੈਂਸੀ ਹੋਟਲ, ਫ਼ੇਜ਼-5 ਐਸ.ਏ.ਐਸ.ਨਗਰ ਵਿਚ ਠਹਿਰਾਇਆ ਗਿਆ | ਰਾਤ 11 ਵਜੇ ਤਕ ਸ਼ੋਅ ਦੀ ਰਿਹਰਸਲ ਚਲ ਰਹੀ ਸੀ ਜਿਸ ਤੋਂ ਬਾਅਦ ਕੁੜੀਆਂ ਨੂੰ  ਹੋਟਲ 'ਚ ਉਤਾਰ ਦਿਤਾ ਗਿਆ | ਪੁਰਸ਼ ਮੈਂਬਰ ਅਤੇ ਹੋਰ ਮੁਲਜ਼ਮ ਫ਼ਰਜ਼ੀ ਨਾਂ ਵਰਤ ਰਹੇ ਸਨ ਅਤੇ ਕੋਡ ਵਰਡਜ਼ ਰਾਹੀਂ ਆਪਸ ਵਿਚ ਗੱਲ ਕਰ ਰਹੇ ਸਨ ਅਤੇ ਉਨ੍ਹਾਂ ਦੇ ਗਰੋਹ ਦੇ ਪੁਰਸ਼ ਮੈਂਬਰਾਂ ਨੇ ਉਸ ਨਾਲ ਛੇੜਛਾੜ ਕੀਤੀ | ਸਾਰੇ ਮੁਲਜ਼ਮ ਇਕ ਗਰੋਹ ਵਜੋਂ ਕੰਮ ਕਰਦੇ ਸਨ, ਜੋ ਇਕ ਲੜਕੀ ਨੂੰ  ਅਪਣੇ ਸਟੂਡੀਉ ਦੇ ਗੁਪਤ ਕਮਰੇ ਵਿਚ ਇਕੱਲਿਆਂ ਬੁਲਾਉਂਦੇ ਸਨ ਅਤੇ ਉਸ ਤੋਂ ਅਸ਼ਲੀਲ ਸਵਾਲ ਵੀ ਪੁਛਦੇ ਸਨ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸਨ | ਇਸ ਦੌਰਾਨ ਉਨ੍ਹਾਂ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ |
ਮਾਮਲੇ ਦੀ ਗੰਭੀਰਤਾ ਨੂੰ  ਦੇਖਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀ.ਐਸ.ਪੀ.-ਹੈਡਕੁਆਰਟਰ, ਐਸ.ਐਚ.ਓ ਪੀ.ਐਸ. ਮਹਿਲਾ ਅਤੇ ਐਸ.ਆਈ ਸੁਖਦੀਪ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ | ਕਥਿਤ ਦੋਸ਼ੀ ਨੈਨਸੀ ਘੁੰਮਣ ਨੇ ਸੈਸ਼ਨ ਕੋਰਟ ਐਸ.ਏ.ਐਸ.ਨਗਰ ਵਿਖੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ  ਅਦਾਲਤ ਨੇ ਖ਼ਾਰਜ ਕਰ ਦਿਤਾ |  ਜਾਂਚ ਦੌਰਾਨ 5.4.2022 ਨੂੰ  ਪੀੜਤਾ ਦਾ 164 ਸੀ.ਆਰ.ਪੀ.ਸੀ. ਦੇ ਤਹਿਤ ਬਿਆਨ ਦਰਜ ਕੀਤਾ ਗਿਆ ਹੈ | ਸਾਰੇ ਦੋਸ਼ੀਆਂ ਨੂੰ  ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਰਬਿੰਦਰ ਨਰਾਇਣ, ਐਮ.ਡੀ, ਪੀਟੀਸੀ ਨੂੰ  ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਨੂੰ  ਸਬੰਧਤ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਅਦਾਲਤ ਨੇ ਉਸ ਨੂੰ  ਦੋ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ ਜਿਸ ਉਪਰੰਤ ਸਰਕਾਰੀ ਹਸਪਤਾਲ ਵਿਚ ਉਸ ਦਾ ਮੈਡੀਕਲ ਕਰਵਾਇਆ ਗਿਆ |