ਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ’ਚੋਂ ਕੀਤਾ ਵਾਕਆਊਟ

ਏਜੰਸੀ

ਖ਼ਬਰਾਂ, ਪੰਜਾਬ

ਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ’ਚੋਂ ਕੀਤਾ ਵਾਕਆਊਟ

image

ਸਿਫਰ ਕਾਲ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਯੂਕਰੇਨ ਦੀ ਸਥਿਤੀ ’ਤੇ ਚਰਚਾ ’ਚ ਦਖ਼ਲ ਦਿਤਾ

ਨਵੀਂ ਦਿੱਲੀ, 6 ਅਪ੍ਰੈਲ : ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਬੁਧਵਾਰ ਨੂੰ ਲੋਕ ਸਭਾ ਵਿਚ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ ਤੋਂ ਬਾਅਦ ਵਾਕਆਊਟ ਕੀਤਾ। ਸਦਨ ਵਿਚ ਸਿਫਰ ਕਾਲ ਸ਼ੁਰੂ ਹੋਣ ਦੇ ਨਾਲ ਹੀ ਵਿਰੋਧੀ ਧਿਰ ਦੇ ਕਈ ਮੈਂਬਰ ਨਾਹਰੇਬਾਜੀ ਕਰਦੇ ਹੋਏ ਬੈਂਚ ਦੇ ਨੇੜੇ ਪਹੁੰਚ ਗਏ। ਕੁੱਝ ਮੈਂਬਰਾਂ ਨੇ ਤਖ਼ਤੀਆਂ ਚੁਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ਕਿ ‘ਪਟਰੌਲ ਅਤੇ ਡੀਜ਼ਲ ’ਤੇ ਟੈਕਸ ਘਟਾਇਆ ਜਾਵੇ।’
ਹੰਗਾਮੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਵਿਚ ਯੂਕਰੇਨ ਦੀ ਸਥਿਤੀ ’ਤੇ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਰਚਾ ਵਿਚ ਦਖ਼ਲ ਦਿੰਦਿਆਂ ਪਟਰੌਲੀਅਮ ਮੰਤਰੀ ਹਰਦੀਪ ਪੁਰੀ ਨੇ ਇਸ ਦਾ ਪੂਰਾ ਜਵਾਬ ਦਿਤਾ ਹੈ। ਜੋਸ਼ੀ ਨੇ ਕਿਹਾ, ‘‘ਕੀ ਇਹ ਲੋਕ (ਵਿਰੋਧੀ) ਚਰਚਾ ਨਹੀਂ ਚਾਹੁੰਦੇ? ਤੁਹਾਡੇ ਲੋਕਾਂ ਨੂੰ ਅਪੀਲ ਹੈ ਕਿ ਵਿਦੇਸ਼ ਮੰਤਰੀ ਨੂੰ ਜਵਾਬ ਦੇਣ ਦਿਓ।’’ ਕੁੱਝ ਦੇਰ ਤਕ ਨਾਹਰੇਬਾਜੀ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ। ਸਿਫਰ ਕਾਲ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਯੂਕਰੇਨ ਦੀ ਸਥਿਤੀ ’ਤੇ ਚਰਚਾ ’ਚ ਦਖ਼ਲ ਦਿਤਾ।ਬਾਅਦ ਵਿਚ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਟਵੀਟ ਕੀਤਾ ਕਿ ਕਾਂਗਰਸ, ਡੀਐਮਕੇ, ਤਿ੍ਰਣਮੂਲ ਕਾਂਗਰਸ, ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਨੈਸ਼ਨਲ ਕਾਨਫ਼ਰੰਸ, ਝਾਰਖੰਡ ਮੁਕਤੀ ਮੋਰਚਾ, ਆਈਯੂਐਮਐਲ, ਵੀਸੀਕੇ, ਸੀਪੀਆਈ, ਸੀਪੀਆਈ(ਐਮ) ਅਤੇ ਕੇਰਲ ਕਾਂਗਰਸ (ਐਮ) ਦੇ ਮੈਂਬਰ ਈਂਧਨ ਦੀਆਂ ਕੀਮਤਾਂ ਉੱਤੇ ਚਰਚਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ, “ਇਹ ਹੰਕਾਰੀ ਸਰਕਾਰ ਚਰਚਾ ਲਈ ਤਿਆਰ ਨਹੀਂ ਹੋਈ। ਅਜਿਹੇ ’ਚ ਅਸੀਂ ਬੈਂਚ ਦੇ ਨੇੜੇ ਪਹੁੰਚ ਕੇ ਵਿਰੋਧ ਕੀਤਾ ਅਤੇ ਫਿਰ ਸਦਨ ਤੋਂ ਬਾਹਰ ਚਲੇ ਗਏ।’’ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਬੁਧਵਾਰ ਨੂੰ ਇਕ ਵਾਰ ਫਿਰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਿਛਲੇ 16 ਦਿਨਾਂ ਵਿਚ ਇਨ੍ਹਾਂ ਦੀਆਂ ਕੀਮਤ ਵਿਚ ਕੁਲ ਦਸ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਸਰਕਾਰੀ ਈਂਧਨ ਕੰਪਨੀਆਂ ਵਲੋਂ ਜਾਰੀ ਕੀਮਤ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ’ਚ ਪਟਰੌਲ ਦੀ ਕੀਮਤ ਪਹਿਲਾਂ 104.61 ਰੁਪਏ ਤੋਂ ਵਧ ਕੇ ਹੁਣ 105.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 95.87 ਰੁਪਏ ਤੋਂ ਵਧ ਕੇ 96.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ।        (ਏਜੰਸੀ)