ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਇਆ, ਹੁਣ ਐਤਵਾਰ ਨੂੰ ਵੀ ਕਾਰਜਸ਼ੀਲ ਰਹਿਣਗੇ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਹਾਸਲ ਕਰ ਸਕਣਗੇ।

On CM'S directive,Punjab Government extends timings of sewa kendras and saanjh kendras,also to now remain open on Sunday

 

ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਸੂਬਾ ਭਰ ਦੇ  ਸਾਰੇ 320 ਸੇਵਾ ਕੇਂਦਰਾਂ ਅਤੇ 506 ਸਾਂਝ ਕੇਂਦਰਾਂ ਦਾ ਸਮਾਂ ਵਧਾ ਦਿੱਤਾ ਹੈ ਅਤੇ ਹੁਣ ਇਹ ਕੇਂਦਰ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ। ਇਹ ਲੋਕ ਪੱਖੀ ਫੈਸਲਾ 15 ਅਪ੍ਰੈਲ, 2022 ਨੂੰ ਲਾਗੂ ਹੋ ਜਾਵੇਗਾ। ਇਸ ਉਪਰਾਲੇ ਨੂੰ ਲੋਕ ਪੱਖੀ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਸੁਚਾਰੂ ਢੰਗ ਨਾਲ ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ।

ਦੱਸਣਯੋਗ ਹੈ ਕਿ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼, ਸਬ-ਡਵੀਜ਼ਨ ਅਤੇ ਪੁਲੀਸ ਥਾਣਿਆਂ ਦੇ ਪੱਧਰ ਉਤੇ ਸਾਂਝ ਕੇਂਦਰ ਹਨ। ਇਕ ਸਰਕਾਰੀ ਬੁਲਾਰੇ ਮੁਤਾਬਕ ਸੂਬੇ ਦੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ  ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੋ ਘੰਟੇ ਵਧਾ ਦਿੱਤਾ ਗਿਆ ਅਤੇ ਇਹ ਕੇਂਦਰ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਿਹਾ ਕਰਨਗੇ ਜਦਕਿ ਇਸ ਵੇਲੇ ਇਨ੍ਹਾਂ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਸੇਵਾ ਕੇਂਦਰ ਅਤੇ ਸਾਂਝ ਕੇਂਦਰ ਹੁਣ ਹਰੇਕ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ ਅਤੇ ਸੂਬੇ ਦੇ ਨਾਗਰਿਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਹਾਸਲ ਕਰ ਸਕਣਗੇ।