ਸਾਕਾ ਨੀਲਾ ਤਾਰਾ ਉਪਰੰਤ ਫ਼ੌਜ ਵਲੋਂ ਵਾਪਸ ਕੀਤੀਆਂ ਵਸਤਾਂ ਕਿਥੇ ਗਈਆਂ?
ਸਾਕਾ ਨੀਲਾ ਤਾਰਾ ਉਪਰੰਤ ਫ਼ੌਜ ਵਲੋਂ ਵਾਪਸ ਕੀਤੀਆਂ ਵਸਤਾਂ ਕਿਥੇ ਗਈਆਂ?
ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਤੋਂ ਮੰਗਿਆ ਜਵਾਬ
ਚੰਡੀਗੜ੍ਹ, 6 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁਛਿਆ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਹਰਿਮੰਦਰ ਸਾਹਿਬ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਤੋਸ਼ਾਖ਼ਾਨਾ, ਕੇਂਦਰੀ ਸਿੱਖ ਅਜਾਇਬ ਘਰ ਅਤੇ ਗੁਰੂ ਰਾਮਦਾਸ ਲਾਇਬ੍ਰੇਰੀ ਵਿਚੋਂ ਲਿਜਾਈਆਂਂ ਗਈਆਂ ਹੱਥ-ਲਿਖਤਾਂ, ਧਾਰਮਕ ਪੁਸਤਕਾਂ, ਸਾਹਿਤ ਅਤੇ ਹੋਰ ਵਸਤਾਂ ਕਿਥੇ ਹਨ?
ਇਕ ਲੋਕਹਿਤ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਇਹ ਸਾਰੀਆਂ ਵਸਤਾਂ ਫ਼ੌਜ, ਸੀਬੀਆਈ ਅਤੇ ਸਰਕਾਰ ਦੁਆਰਾ ਜ਼ਬਤ ਕੀਤੀਆਂ ਗਈਆਂ ਸੀ ਤੇ ਬਾਅਦ ਵਿਚ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿਤੀਆਂ ਗਈਆਂ ਸਨ ਪਰ ਇਨ੍ਹਾਂ ਬਾਰੇ ਕੱੁਝ ਪਤਾ ਨਹੀਂ ਲੱਗ ਰਿਹਾ, ਲਿਹਾਜ਼ਾ ਇਨ੍ਹਾਂ ਦਾ ਪਤਾ ਲਗਾ ਕੇ ਇਹ ਵਸਤਾਂ ਸੰਭਾਲੀਆਂ ਜਾਣ ਤੇ ਸੰਗਤਾਂ ਦੇ ਦਰਸ਼ਨ ਲਈ ਸੁਸ਼ੋਭਿਤ ਕੀਤੀਆਂ ਜਾਣ | ਇਸ 'ਤੇ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਤੋਂ ਜਵਾਬ ਮੰਗਿਆ ਹੈ | ਹਾਲਾਂਕਿ ਹਾਈ ਕੋਰਟ ਨੇ ਨਵੰਬਰ 2019 ਵਿਚ ਇਸ ਜਨਹਿਤ ਪਟੀਸ਼ਨ 'ਤੇ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਕਾਰਨ ਇਸ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕੀ ਸੀ | ਹੁਣ ਹਾਈ ਕੋਰਟ ਨੇ ਇਸ ਮਾਮਲੇ 'ਤੇ ਮੁੜ ਸੁਣਵਾਈ ਸ਼ੁਰੂ ਕੀਤੀ ਤਾਂ ਸ੍ਰੋਮਣੀ ਕਮੇਟੀ ਨੇ ਇਸ ਮਾਮਲੇ 'ਚ ਅਪਣਾ ਜਵਾਬ ਦਾਖ਼ਲ ਕਰਨ ਲਈ ਕੁੱਝ ਸਮਾਂ ਮੰਗਿਆ ਜਿਸ 'ਤੇ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਜਵਾਬ ਦਾਖ਼ਲ ਕਰਨ ਦਾ ਹੁਕਮ ਦਿਤਾ ਹੈ |
ਪਟੀਸ਼ਨਰ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਹੋਰ ਜਵਾਬਦੇਹ ਧਿਰਾਂ ਨੂੰ ਉਨ੍ਹਾਂ ਸਾਰੀਆਂ ਵਸਤਾਂ ਦੀ ਸੂਚੀ ਤਿਆਰ ਕਰਨ ਦੀ ਹਦਾਇਤ ਕੀਤੀ ਜਾਵੇ, ਜਿਹੜੀਆਂਂ ਸਾਕਾ ਨੀਲਾ ਤਾਰਾ ਦੌਰਾਨ ਜ਼ਬਤ ਕੀਤੀਆਂ ਗਈਆਂ ਸੀ ਅਤੇ ਜੋ ਬਾਅਦ ਵਿਚ ਵਾਪਸ ਕਰ ਦਿਤੀਆਂ ਗਈਆਂ ਜਾਂ ਗੁਆਚ ਗਈਆਂ ਸੀ | ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਇਨ੍ਹਾਂ ਵਸਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਲਿਖੇ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਹੁਕਮਨਾਮੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੋਈ ਜਾਂਚ ਵੀ ਨਹੀਂ ਹੋਈ ਅਤੇ ਨਾ ਹੀ ਕੋਈ ਐਫ਼ਆਈਆਰ ਦਰਜ ਕੀਤੀ ਗਈ | ਪਟੀਸ਼ਨਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਸਾਰੀਆਂ ਵਸਤੂਆਂ ਨੂੰ ਲੋਕਾਂ ਦੇ ਦੇਖਣ, ਅਧਿਐਨ ਅਤੇ ਖੋਜ ਲਈ ਜਨਤਕ ਕੀਤਾ ਜਾਵੇ | ਹੁਣ ਇਸ ਪਟੀਸ਼ਨ 'ਤੇ ਮੁੜ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਤੋਂ ਜਵਾਬ ਮੰਗਿਆ ਹੈ |