Punjab News: ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਮੌਤ,10 ਸਾਲ ਪਹਿਲਾਂ ਗਿਆ ਸੀ ਵਿਦੇਸ਼ 

ਏਜੰਸੀ

ਖ਼ਬਰਾਂ, ਪੰਜਾਬ

ਸਿਰ ’ਚ ਸੱਟ ਲੱਗਣ ਕਰ ਕੇ ਗਈ ਨੌਜਵਾਨ ਦੀ ਜਾਨ

Punjabi youth died in New Zealand, he went abroad 10 years ago

Punjab News: ਗੜ੍ਹਸ਼ੰਕਰ - ਚੰਗੇ ਭਵਿੱਖ ਦੀ ਤਲਾਸ਼ ਵਿਚ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਦੀ ਉੱਥੇ ਹੀ ਮੌਤ ਹੋ ਗਈ ਹੈ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਉਸੇ ਤਰ੍ਹਾਂ ਹੀ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦਾ ਨੌਜਵਾਨ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਪਰ ਉਸ ਦੀ ਸਿਰ ਵਿਚ ਸੱਟ ਲੱਗਣ ਕਰ ਕੇ ਮੌਤ ਹੋ ਗਈ। 

ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਉਕਤ ਨੌਜਵਾਨ ਨੇ ਕੁਝ ਸਮੇਂ ਬਾਅਦ ਹੀ ਪਿੰਡ ਵਾਪਸ ਆਉਣਾ ਸੀ। ਇਸ ਸਬੰਧੀ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਸਾਲ 2013 ਵਿਚ ਵਿਦਿਆਰਥੀ ਵੀਜ਼ੇ 'ਤੇ ਨਿਊਜ਼ੀਲੈਂਡ ਗਿਆ ਸੀ, ਜਿੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਸਖ਼ਤ ਮਿਹਨਤ ਕਰਕੇ ਦਸ ਸਾਲ ਬਾਅਦ ਨਿਊਜ਼ੀਲੈਂਡ ਦੇ ਪੱਕੇ ਨਾਗਰਿਕ ਹੋਣ ਦੇ ਦਸਤਾਵੇ਼ਜ ਹਾਸਲ ਕੀਤੇ ਸਨ। 

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਨਿਊਜ਼ੀਲੈਂਡ ਵਿਖੇ ਘਰ ਵਿਚ ਤਿਲਕਣ ਨਾਲ ਮਨਦੀਪ ਸਿੰਘ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜਿਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਵੇਲਿੰਗਟਨ ਦੇ ਰਿਜਨਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਸੱਟ ਲਗਣ ਨਾਲ ਮਨਦੀਪ ਸਿੰਘ ਦੇ ਸਿਰ ਵਿਚ ਖੂਨ ਦੀਆਂ ਗੰਢਾਂ ਬਣ ਗਈਆਂ ਸਨ

ਅਤੇ ਇਸ ਬੀਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ 4 ਅਪ੍ਰੈਲ ਨੂੰ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ। ਉਨ੍ਹਾਂ ਮਨਦੀਪ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।