ਸੰਗਰੂਰ ਦੀ ਰਮਣੀਕ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸਵੀਂ ਦੀ ਪੜ੍ਹਾਈ ਦੌਰਾਨ ਕੋਈ ਵੀ ਵਾਧੂ ਟਿਊਸ਼ਨ ਨਹੀਂ ਰੱਖੀ

Ramneek Kaur Got 98.4 Percent Marks

ਪੰਜਾਬ- ਸੰਗਰੂਰ ਦੀ ਰਮਣੀਕ ਕੌਰ ਔਲਖ ਨੇ ਸੀਬੀਐਸਸੀ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ 98.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਇਥੋਂ ਦੇ ਲਾ ਫ਼ਾਉਂਡੇਸ਼ਨ ਸਕੂਲ ਵਿਚੋਂ ਟੌਪ ਕੀਤਾ ਹੈ। ਵਿਦਿਆਰਥਣ ਦੇ ਸ਼ਾਨਦਾਰ ਨਤੀਜੇ ਕਾਰਨ ਵਿਦਿਆਰਥੀ ਦੇ ਦਾਦਾ ਹਰਪਾਲ ਸਿੰਘ ਔਲਖ, ਪਿਤਾ ਹਰਬਾਗ ਸਿੰਘ ਔਲਖ ਅਤੇ ਮਾਤਾ ਜਸਪ੍ਰੀਤ ਕੌਰ ਔਲਖ ਪੂਰੇ ਬਾਗੋ ਬਾਗ ਹਨ। 

ਰਮਣੀਕ ਦੇ ਪਿਤਾ ਨੇ ਦੱਸਿਆ ਕਿ ਰਮਣੀਕ ਨੇ ਆਪਣੀ ਦਸਵੀਂ ਦੀ ਪੜ੍ਹਾਈ ਦੌਰਾਨ ਕੋਈ ਵੀ ਵਾਧੂ ਟਿਊਸ਼ਨ ਨਹੀਂ ਰੱਖੀ ਅਤੇ ਦਿਨ ਰਾਤ ਇੱਕ ਕਰਕੇ ਘਰ ਵਿਚ ਹੀ ਮਿਹਨਤ ਕਰਦੀ ਰਹੀ। ਉਨ੍ਹਾਂ ਅਨੁਸਾਰ ਇਸਦਾ ਸਾਰਾ ਸਿਹਰਾ ਰਮਣੀਕ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਜਾਂਦਾ ਹੈ। ਰਮਣੀਕ ਕੌਰ ਨੇ ਦੱਸਿਆ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ।

ਉਧਰ ਲਾ ਫ਼ਾਉਂਡੇਸ਼ਨ ਸਕੂਲ ਦੀ ਫ਼ਾਉਂਡਰ ਮੈਡਮ ਸ਼ਸ਼ੀ ਗਰਗ, ਚੇਅਰਮੈਨ ਮਦਨ ਲਾਲ ਗਰਗ, ਡਾਇਰੈਕਟਰ ਯੋਗੇਸ਼ ਗਰਗ ਅਤੇ ਪ੍ਰਿੰਸੀਪਲ ਵਿਭਾ ਸ਼ਰਮਾ ਨੇ ਦੱਸਿਆ ਕਿ ਇਸ ਵਿਦਿਆਰਥਣ ਲਈ ਹੋਣਹਾਰ 'ਬਿਰਬਾਨ ਕੇ ਚਿਕਨੇ ਪਾਤ' ਵਾਲੀ ਕਹਾਵਤ ਪੂਰੀ ਢੁੱਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਕੇਵਲ ਵਧੀਆ ਪੜ੍ਹਾਈ ਨਾਲ ਹੀ ਨਹੀਂ ਬਲਕਿ ਅਨੁਸਾਸ਼ਨ ਨਾਲ ਵੀ ਆਪਣੇ ਅਧਿਆਪਕਾਂ ਦਾ ਮਨ ਜਿੱਤਿਆ ਹੈ।