ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਵਿਰੁਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਵਿਚ ਇਕ ਡੀ.ਐਸ.ਪੀ, ਚਾਰ ਸਬ ਇੰਸਪੈਕਟਰ, ਇਕ ਸਹਾਇਕ ਥਾਣੇਦਾਰ ਤੇ ਇਕ ਅਣਪਛਾਤੇ ਵਿਅਕਤੀ ਦਾ ਨਾਮ ਵੀ ਸ਼ਾਮਲ

ਸੁਮੇਧ ਸਿੰਘ ਸੈਣੀ

ਐਸ.ਏ.ਐਸ ਨਗਰ, 7 ਮਈ (ਸੁਖਦੀਪ ਸਿੰਘ ਸੋਈਂ) : ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਵਿਰੁਧ 1991 ਦੇ ਇਕ ਮਾਮਲੇ ਵਿਚ ਬੀਤੀ ਸ਼ਾਮ ਥਾਣਾ ਮਟੌਰ ਵਿਚ ਆਈ.ਪੀ.ਸੀ. ਦੀ ਧਾਰਾ 364, 201, 344, 330, 219 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਾਬਕਾ ਆਈ.ਏ.ਐਸ. ਅਧਿਕਾਰੀ ਡੀ.ਐਸ. ਮੁਲਤਾਨੀ ਦੇ ਬੇਟੇ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ 'ਤੇ ਦਰਜ ਹੋਏ ਇਸ ਮਾਮਲੇ ਵਿਚ ਸੁਮੇਧ ਸਿੰਘ ਸੈਣੀ ਤੋਂ ਇਲਾਵਾ ਡੀ.ਐਸ.ਪੀ. ਬਲਦੇਵ ਸਿੰਘ ਸੈਣੀ, ਸਬ ਇੰਸਪੈਕਟਰ ਸਤਵੀਰ ਸਿੰਘ, ਸਬ ਇੰਸਪੈਕਟਰ ਹਰ ਸਹਾਏ, ਸਬ ਇੰਸਪੈਕਟਰ ਜਗੀਰ ਸਿੰਘ, ਸਬ ਇੰਸਪੈਕਟਰ ਅਨੂਪ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਦਾ ਨਾਮ ਵੀ ਸ਼ਾਮਲ ਹੈ।


ਸ਼ਿਕਾਇਤ ਕਰਤਾ ਪਲਵਿੰਦਰ ਸਿੰਘ ਨੇ ਇਸ ਸੰਬੰਧੀ ਐਸ.ਐਸ.ਪੀ. ਐਸ.ਏ.ਐਸ ਨਗਰ ਨੂੰ ਸ਼ਿਕਾਇਤ ਦਿਤੀ ਸੀ ਕਿ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਅਤੇ ਉਸਨੂੰਅਣਮਨੁੱਖੀ ਤਸੀਹੇ ਦੇਣ ਦੇ ਮਾਮਲੇ ਵਿਚ ਉਕਤ ਵਿਅਕਤੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਕਰਤਾ ਅਨੁਸਾਰ 11-12-1991 ਨੂੰ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ (ਜੋ ਮੁਹਾਲੀ ਦੇ ਫੇਜ਼ 7 ਦੇ ਮਕਾਨ ਨੰਬਰ 1741 ਦਾ ਵਸਨੀਕ ਸੀ) ਨੂੰ ਚੰਡੀਗੜ੍ਹ ਪੁਲਿਸ ਦੀ ਇਕ
ਟੀਮ ਵਲੋਂ ਉਸ ਵੇਲੇ ਦੇ ਚੰਡੀਗੜ੍ਹ ਦੇ ਐਸ.ਐਸ.ਪੀ. ਸੁਮੇਧ ਸੈਣੀ ਦੀਆਂ ਹਦਾਇਤਾਂ 'ਤੇ ਜਬਰੀ ਚੁੱਕ ਲਿਆ ਗਿਆ ਸੀ ਅਤੇ ਬਾਅਦ ਵਿਚ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ  ਸ਼ਿਕਾਇਤਕਰਤਾ ਅਨੁਸਾਰ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਭਾਲ ਵਿਚ ਚੰਡੀਗੜ੍ਹ ਪੁਲਿਸ ਵਲੋਂ ਉਸ ਦੇ ਭਰਾ ਨੂੰ ਚੁੱਕਣ ਤੋਂ ਬਾਅਦ ਪੁਲੀਸ ਟੀਮ ਉਸ ਦੇ ਭਰਾ ਨੂੰ ਨਾਲ ਲੈ ਕੇ ਫੇਜ਼ 10 ਦੇ ਹਾਊਸਫ਼ੈੱਡ ਕੁਆਟਰਾਂ ਵਿਚ ਛਾਪਾ ਮਾਰਨ ਗਈ ਅਤੇ ਦੋ ਵਿਅਕਤੀਆਂ ਨੂੰ ਅਪਣੇ ਨਾਲ ਲੈ ਗਈ ਸੀ ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ 'ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਇਹ ਮਾਮਲਾ ਕਾਫ਼ੀ ਸਮਾਂ ਤਕ ਕਾਨੂੰਨੀ ਪ੍ਰਕਿਆ ਵਿਚ ਉਲਝਿਆ ਰਿਹਾ ਅਤੇ ਸੁਪਰੀਮ ਕੋਰਟ ਤਕ ਪਹੁੰਚਿਆ।

ਇਸ ਮਾਮਲੇ ਵਿਚ ਅਦਾਲਤੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਸ਼ਿਕਾਇਤਕਰਤਾ ਵਲੋਂ ਐਸ.ਐਸ.ਪੀ ਨੂੰ ਨਵੇਂ ਸਿਰੇ ਤੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ ਇਸ ਸਬੰਧੀ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।