ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਹੋਈਆਂ ਦੋ ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਪੀੜਤਾਂ ਦੀ ਗਿਣਤੀ ਪਹੁੰਚੀ 1600 ਦੇ ਨੇੜੇ

File Photo

ਚੰਡੀਗੜ੍ਹ, 6 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਵਾਇਰਸ ਕਹਿਰ ਮਚਾ ਰਿਹਾ ਹੈ। ਅੱਜ ਸੂਬੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀਆਂ ਜਿੱਥੇ ਦੋ ਹੋਰ ਮੌਤਾਂ  ਹੋਈਆਂ ਹਨ। ਉਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਦੇਰ ਸ਼ਾਮ ਤਕ 1600 ਦੇ ਨੇੜੇ ਪਹੁੰਚ ਚੁੱਕੀ ਸੀ।ਅੱਜ ਜ਼ਿਲ੍ਹਾ ਤਰਨਤਾਰਨ ਵਿਚ ਮੁੜ ਵੱਡਾ ਕੋਰੋਨਾ ਵਿਸਫ਼ੋਟ ਹੋਇਆ ਹੈ ਜਿੱਥੇ 57 ਨਵੇਂ ਪਾਜ਼ੇਟਿਵ ਕੇਸ ਆਏ ਹਨ। 47 ਕੇਸਾਂ ਕਲ ਆਏ ਸਨ। ਇਸ ਤਰ੍ਹਾਂ ਇਸ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 150 ਦੇ ਨੇੜੇ ਪਹੁੰਚ ਚੁੱਕੀ ਹੈ।

ਹੁਣ ਤਕ 1100 ਦੇ ਕਰੀਬ ਸ਼ਰਧਾਲੂਆਂ ਦੇ ਮਾਮਲੇ ਪਾਜ਼ੇਟਿਵ ਆਏ ਹਨ ਅਤੇ ਹਾਲੇ  ਹੋਰ ਰੀਪੋਰਟਾਂ ਲਗਾਤਾਰ ਆ ਰਹੀਆਂ ਹਨ। ਸਰਕਾਰੀ ਤੌਰ ਉਤੇ ਵੀ ਅੱਜ ਸ਼ਾਮ ਤਕ ਕੁਲ 1526 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿਚੋਂ 1364 ਐਕਟਿਵ ਕੇਸ ਹਨ ਜਦ ਕਿ 135 ਠੀਕ ਹੋ ਚੁੱਕੇ ਹਨ। ਮੌਤਾਂ ਵਿਚ ਜਲੰਧਰ ਤੇ ਲੁਧਿਆਣਾ ਵਿਚ  ਹੁਣ ਤਕ 5-5 ਅਤੇ ਅਮ੍ਰਿਤਸਰ ਜ਼ਿਲ੍ਹੇ ਵਿਚ ਤਿੰਨ ਮੌਤਾਂ ਹੋ ਚੁੱਕੀਆਂ ਹਨ।

ਪਟਿਆਲਾ, ਮੋਹਾਲੀ ਤੇ ਹੁਸ਼ਿਆਪੁਰ ਜ਼ਿਲ੍ਹੇ ਵਿਚ 2-2 ਮੌਤਾਂ ਹੋਈਆਂ ਹਨ। ਇਸ ਸਮੇਂ ਜ਼ਿਲ੍ਹਾ ਅਮ੍ਰਿਤਸਰ ਵਿਚ ਪਾਜ਼ੇਟਿਵ ਕੇਸਾਂ ਦਾ ਅੰਕੜਾ 200 ਤੋਂ ਉਪਰ ਹੈ ਜਦ ਕਿ ਜਲੰਧਰ, ਲੁਧਿਆਣਾ ਤੇ ਤਰਨਤਾਰਨ ਵਿਚ ਵੀ 100 ਤੋਂ ਉਪਰ ਪਾਜ਼ੇਟਿਵ ਕੇਸ ਹਨ। ਤਰਨਤਾਰਨ ਜ਼ਿਲ੍ਹਾ ਵੀ ਸੱਭ ਤੋਂ ਵੱਧ ਕੇਸਾਂ ਵਾਲੇ  ਜ਼ਿਲ੍ਹਿਆਂ ਵਿਚ ਆ ਚੁੱਕਾ ਹੈ। ਅੱਜ ਇਕੋ ਹੀ ਦਿਨ ਵਿਚ 24 ਘੰਟਿਆਂ ਦੌਰਾਨ 100 ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਅੱਜ ਪਟਿਆਲਾ ਤੇ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀਆਂ ਮੌਤਾਂ ਹੋਣ ਨਾਲ ਗਿਣਤੀ 27 ਹੋ ਗਈ ਹੈ। ਅੱਜ ਰਾਜਸਥਾਨ ਆਦਿ ਤੋਂ  ਪਰਤੇ ਕਈ ਮਜ਼ਦੂਰਾਂ ਦੇ ਕੇਸ ਵੀ ਪਾਜ਼ੇਟਿਵ ਆਏ ਹਨ।