ਬੰਗਾਲ ਦੀ ਸਥਿਤੀ 'ਤੇ ਬੋਲੀ ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ ਦੀ ਸਥਿਤੀ 'ਤੇ ਬੋਲੀ ਮਮਤਾ ਬੈਨਰਜੀ

IMAGE


ਕੇਂਦਰ ਦੇ ਮੰਤਰੀ ਸੂਬੇ ਵਿਚ ਹਿੰਸਾ ਭੜਕਾ ਰਹੇ ਨੇ, ਉਨ੍ਹਾਂ ਦੇ ਵਾਰ-ਵਾਰ ਇਥੇ ਆਉਣ ਕਾਰਨ ਕੋਰੋਨਾ ਵਧ ਗਿਆ

ਕੋਲਕਾਤਾ, 6 ਮਈ : ਪਛਮੀ ਬੰਗਾਲ ਵਿਚ ਚੋਣਾਂ ਤੋਂ ਬਾਅਦ ਹਿੰਸਾ ਦਾ ਸਿਲਸਿਲਾ ਅਜੇ ਵੀ ਜਾਰੀ ਹੈ | ਵੀਰਵਾਰ ਸਵੇਰੇ ਕੇਂਦਰੀ ਮੰਤਰੀ ਮੁਰਲੀਧਰਨ ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਹਮਲਾ ਕੀਤਾ | ਮਮਤਾ ਨੇ ਕਿਹਾ ਕਿ ਚੋਣਾਂ ਖ਼ਤਮ ਹੋ ਗਈਆਂ ਹਨ, ਨਤੀਜਾ ਆ ਗਿਆ ਹੈ, ਪਰ ਭਾਜਪਾ ਦੇ ਮੰਤਰੀ ਹਾਰ ਮੰਨਣ ਨੂੰ  ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਟੀਮ ਅਤੇ ਕੇਂਦਰ ਸਰਕਾਰ ਦੇ ਮੰਤਰੀ ਰਾਜ ਦਾ ਦੌਰਾ ਕਰ ਰਹੇ ਹਨ | ਕੇਂਦਰ ਸਰਕਾਰ ਦੇ ਮੰਤਰੀ ਬੰਗਾਲ ਵਿਚ ਹਿੰਸਾ ਫੈਲਾ ਰਹੇ ਹਨ | ਭਾਜਪਾ ਨੇਤਾ ਇਧਰ-ਉਧਰ ਘੁੰਮ ਰਹੇ ਹਨ | ਉਹ ਲੋਕਾਂ ਨੂੰ  ਭੜਕਾ ਰਹੇ ਹਨ | ਨਵੀਂ ਸਰਕਾਰ ਆਉਣ ਨੂੰ  ਅਜੇ 24 ਘੰਟੇ ਵੀ ਨਹੀਂ ਹੋਏ ਅਤੇ ਉਹ ਪੱਤਰ ਭੇਜ ਰਹੇ ਹਨ | ਭਾਜਪਾ ਅਜੇ ਵੀ ਲੋਕਾਂ ਦੇ ਫ਼ੈਸਲੇ ਨੂੰ  ਸਵੀਕਾਰ ਕਰਨ ਤੋਂ ਅਸਮਰੱਥ ਹੈ |
ਮਮਤਾ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਬਾਅਦ ਵੀ ਜਨਤਾ ਦਾ ਫ਼ੈਸਲਾ ਮੰਨਣ ਲਈ ਤਿਆਰ ਨਹੀਂ | ਮੈਂ ਉਨ੍ਹਾਂ ਨੂੰ  ਜਨਤਾ ਦੇ ਫ਼ੈਸਲੇ ਨੂੰ  ਮੰਨਣ ਦੀ ਅਪੀਲ ਕਰਦੀ ਹਾਂ | ਮਮਤਾ ਇਥੇ ਹੀ ਨਾ ਰੁਕੀ, ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਇਕ ਟੀਮ ਆਈ ਸੀ | ਉਨ੍ਹਾਂ ਚਾਹ ਪੀਤੀ ਅਤੇ ਵਾਪਸ ਚਲੇ ਗਏ | 

ਉਸ ਦਾ ਇਸ਼ਾਰਾ ਕੇਂਦਰੀ ਟੀਮ 'ਤੇ ਸੀ, ਜੋ ਸੂਬੇ ਵਿਚ ਹਿੰਸਾ ਤੋਂ ਬਾਅਦ ਦੀ ਸਥਿਤੀ ਨੂੰ  ਵੇਖਣ ਲਈ ਆਈ ਸੀ | ਮਮਤਾ ਨੇ ਕਿਹਾ ਕਿ ਹੁਣ ਜੇਕਰ ਕੇਂਦਰੀ ਮੰਤਰੀ ਆਉਂਦੇ ਹਨ ਤਾਂ ਉਨ੍ਹਾਂ ਨੂੰ  ਵਿਸੇਸ ਉਡਾਣਾਂ ਲਈ ਆਰਟੀਪੀਸੀਆਰ ਨੈਗੇਟਿਵ ਰੀਪੋਰਟ ਵੀ ਲਿਆਉਣੀ ਪਏਗੀ | ਨਿਯਮ ਹਰ ਇਕ ਲਈ ਇਕੋ ਜਿਹੇ ਹੋਣੇ ਚਾਹੀਦੇ ਹਨ | ਭਾਜਪਾ ਨੇਤਾਵਾਂ ਦੇ ਵਾਰ-ਵਾਰ ਆਉਣ ਕਾਰਨ ਸੂਬੇ ਵਿਚ ਕੋਰੋਨਾ ਦੀ ਲਾਗ ਵੱਧ ਰਹੀ ਹੈ |         (ਏਜੰਸੀ)