40 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ 'ਚ 'ਆਪ' ਵਿਧਾਇਕ ਦੇ ਟਿਕਾਣਿਆਂ 'ਤੇ CBI ਦੀ ਛਾਪੇਮਾਰੀ - ਸੂਤਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੀ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਧਾਇਕ ਦੇ 3 ਟਿਕਾਣਿਆਂ 'ਤੇ ਹੋਈ ਛਾਪੇਮਾਰੀ 

CBI

ਚੰਡੀਗੜ੍ਹ : ਬੈਂਕ ਧੋਖਾਧੜੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਅਧਿਕਾਰੀ ਵੀ ਹਨ ਜਿਨ੍ਹਾਂ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵਲੋਂ ਰੇਡ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਪੀ.ਟੀ.ਆਈ. ਵਲੋਂ ਸਾਂਝੀ ਕੀਤੀ ਗਈ ਹੈ।

ਹਾਲਾਂਕਿ ਇਸ ਦੀ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਵੰਤ ਸਿੰਘ, ਕੁਲਵੰਤ ਸਿੰਘ, ਤਜਿੰਦਰ ਸਿੰਘ ਆਦਿ ਨਾਮ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ 'ਤੇ ਜਾਂਚ ਏਜੰਸੀ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਬੰਧੀ ਅਜੇ ਖ਼ੁਲਾਸਾ ਹੋਣਾ ਬਾਕੀ ਹੈ ਕਿ ਇਹ ਵਿਅਕਤੀ ਕੌਣ ਹਨ।

CBI ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪੁਸ਼ਟੀ ਹੋਈ ਹੈ ਕਿ ਮੌਜੂਦਾ ਵਿਧਾਇਕ ਜਸਵੰਤ ਸਿੰਘ ਨਾਲ ਸਬੰਧਤ ਟਿਕਾਣਿਆਂ 'ਤੇ ਏਜੰਸੀ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਸਵੰਤ ਸਿੰਘ ਸੰਗਰੂਰ ਅਧੀਨ ਆਉਂਦੇ ਹਲਕੇ ਅਮਰਗੜ੍ਹ ਤੋਂ ਵਿਧਾਇਕ ਹਨ। ਜਾਣਕਾਰੀ ਅਨੁਸਾਰ ਮਲੇਰ ਕੋਟਲਾ ਵਿਚ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ 16.57 ਲੱਖ, 88 ਵਿਦੇਸ਼ੀ ਕਰੰਸੀ ਦੇ ਨੋਟ,ਕੁੱਝ ਦਸਤਾਵੇਜ਼ ਬਰਾਮਦ ਹੋਏ ਹਨ।

ਬੈਂਕ ਨੇ ਦੱਸਿਆ ਕਿ ਕੁਝ ਪ੍ਰਾਈਵੇਟ ਕੰਪਨੀਆਂ ਚਲਾਉਣ ਲਈ ਬੈਂਕ ਤੋਂ ਚਾਰ ਵਾਰ ਕਰਜ਼ਾ ਲਿਆ ਗਿਆ ਸੀ ਜਿਸ ਦੀ ਸਹੀ ਵਰਤੋਂ ਨਹੀਂ ਹੋਈ ਹੈ।  ਇਸ ਦੇ ਚਲਦੇ ਹੀ ਬੈਂਕ ਨੇ ਸ਼ਿਕਾਇਤ ਦਿਤੀ ਸੀ ਅਤੇ ਜਿਸ 'ਤੇ ਸੀ.ਬੀ.ਆਈ. ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।