8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ, 274 ਮੰਡੀਆਂ ਪਹਿਲਾਂ ਹੀ ਹੋ ਚੁੱਕੀਆਂ ਨੇ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੀਆਂ ਕੁੱਲ 1099 ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਹੈ ਅਤੇ 274 ਮੰਡੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ।

Notification issued for closure of 825 mandis from May 8: Lal Chand Kataruchak

ਚੰਡੀਗੜ੍ਹ : ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 8 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ਦੀਆਂ 825 ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ  ਜਾਣਕਾਰੀ ਸਾਂਝੀ ਕਰਦੇ ਹੋਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੰਡੀ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਉਪਰੋਕਤ ਮੰਡੀਆਂ ਵਿੱਚੋਂ ਬਠਿੰਡਾ ਵਿੱਚ 126, ਮੋਗਾ ਵਿੱਚ 80, ਫਾਜ਼ਿਲਕਾ ਦੀਆਂ 76, ਮਾਨਸਾ ਦੀਆਂ 65, ਫਿਰੋਜ਼ਪੁਰ ਦੀਆਂ 62, ਪਟਿਆਲਾ ਵਿੱਚ 61, ਸੰਗਰੂਰ ’ਚ 56, ਬਰਨਾਲਾ ਵਿੱਚ 54, ਲੁਧਿਆਣਾ ਪੱਛਮੀ ਵਿੱਚ 41, ਫਰੀਦਕੋਟ ‘ਚ 39, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ 28-28, ਜਲੰਧਰ ‘ਚ 21, ਸ੍ਰੀ ਮੁਕਤਸਰ ਸਾਹਿਬ ‘ਚ 19, ਫਤਿਹਗੜ ਸਾਹਿਬ ਦੀਆਂ 17, ਕਪੂਰਥਲਾ ‘ਚ 16, ਮਲੇਰਕੋਟਲਾ ‘ਚ 13, ਐੱਸ.ਏ.ਐੱਸ. ਨਗਰ ਦੀਆਂ 10, ਰੋਪੜ ਵਿੱਚ 9 ਅਤੇ ਐੱਸ.ਬੀ.ਐੱਸ. ਨਗਰ ਵਿੱਚ 4 ਮੰਡੀਆਂ ਸ਼ਾਮਲ ਹਨ।

ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨਾਂ ਨੇ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ ‘ਤੇ ਤਸੱਲੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਕੁੱਲ 1099 ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਹੈ ਅਤੇ 274 ਮੰਡੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ।