10 ਮਈ ਨੂੰ ਸਮੂਹ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨਾਲ  ਮੀਟਿੰਗ ਕਰਨਗੇ CM ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਕੋਈ ਵੀ ਸਕੂਲ ਮੁਖੀ, ਦਫ਼ਤਰੀ ਕਰਮਚਾਰੀ ਜਾਂ ਫਿਰ ਅਧਿਕਾਰੀ ਸ਼ਨੀਵਾਰ ਤੱਕ ਛੁੱਟੀ ਨਹੀਂ ਲਵੇਗਾ

Bhagwant Mann

 

ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ 10 ਮਈ ਨੂੰ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ. ਈ. ਓ.), ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡਿਪਟੀ ਡੀ. ਈ. ਓ.), ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ (ਬੀ. ਪੀ. ਈ. ਓ.) ਨਾਲ ਪਹਿਲੀ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਇਕ ਰਿਜ਼ੋਰਟ ’ਚ ਹੋਵੇਗੀ, ਜਿਸ ਦੇ ਲਈ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੀਟਿੰਗ ਸਬੰਦੀ ਹਦਾਇਤਾਂ ਵੀ ਜਾਰੀ ਹੋ ਗਈਆਂ ਹਨ ਤੇ ਕਿਸੇ ਵੀ ਪ੍ਰਿੰਮਸੀਪਲ ਜਾਂ ਅਧਿਕਾਰੀ ਨੂੰ ਛੁੱਟੀ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ ਹੈ। 

ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਮੀਟਿੰਗ ’ਚ 2500 ਦੇ ਕਰੀਬ ਸਰਕਾਰੀ ਸਕੂਲ ਮੁਖੀ, ਡੀ. ਈ. ਓ., ਡਿਪਟੀ ਡੀ. ਈ. ਓ., ਬੀ. ਪੀ. ਈ. ਓ. ਸ਼ਾਮਲ ਹੋਣਗੇ, ਜਿਸ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਸਕੂਲਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ।

 

ਇਸ ਲਈ ਕੋਈ ਵੀ ਸਕੂਲ ਮੁਖੀ ਜਾਂ ਫਿਰ ਦਫ਼ਤਰੀ ਕਰਮਚਾਰੀ ਜਾਂ ਫਿਰ ਅਧਿਕਾਰੀ ਸ਼ਨੀਵਾਰ ਤੱਕ ਛੁੱਟੀ ਨਹੀਂ ਲਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਲਿਖਿਆ ਹੈ ਕਿ ਜੇਕਰ ਕਿਸੇ ਨੇ ਜ਼ਰੂਰੀ ਛੁੱਟੀ ਲੈਣੀ ਹੈ ਤਾਂ ਉਸ ਨੂੰ ਸਿੱਖਿਆ ਵਿਭਾਗ ਦੇ ਸਕੱਤਰ ਤੋਂ ਮਨਜ਼ੂਰੀ ਲੈਣੀ ਹੋਵੇਗੀ।