ਭਾਰਤੀ ਕੌਂਸਲੇਟ ਵਲੋਂ ਕੀਤੇ ਵਿਰੋਧ ਦੇ ਬਾਵਜੂਦ ਅਮਰੀਕਾ ਵਿਚ ਦਸਤਾਰ ਬਿੱਲ ਪਾਸ : ਵਰਲਡ ਸਿੱਖ ਪਾਰਲੀਮੈਂਟ
ਭਾਰਤੀ ਕੌਂਸਲੇਟ ਵਲੋਂ ਕੀਤੇ ਵਿਰੋਧ ਦੇ ਬਾਵਜੂਦ ਅਮਰੀਕਾ ਵਿਚ ਦਸਤਾਰ ਬਿੱਲ ਪਾਸ : ਵਰਲਡ ਸਿੱਖ ਪਾਰਲੀਮੈਂਟ
ਕਨੈਕਟੀਕਟ ਸੂਬੇ 'ਚ ਬਿੱਲ ਸਬੰਧੀ ਹੋਈ ਵੋਟਿੰਗ 'ਚ 36 ਵਿਚੋਂ 35 ਵੋਟਾਂ ਹੱਕ ਵਿਚ
ਕੋਟਕਪੂਰਾ, 6 ਮਈ (ਗੁਰਿੰਦਰ ਸਿੰਘ) : ਅਮਰੀਕਾ ਦੇ ਕਨੈਕਟੀਕਟ ਸੂਬੇ ਵਲੋਂ ਸਿੱਖਾਂ ਦਾ ਵਧਾਇਆ ਮਾਣ ਅਜੇ 29 ਅਪ੍ਰੈਲ ਨੂੰ ਖ਼ਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਦਿਤੀ ਹੈ, ਜਿਸ ਨਾਲ ਪੂਰੇ ਭਾਰਤ ਦੇ ਮੀਡੀਆ ਅਤੇ ਭਾਰਤੀ ਸਟੇਟ ਵਲੋਂ ਕਨੇਟੀਕਟ ਸਟੇਟ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਸਨ | ਕੌਂਸਲ ਮੈਂਬਰਾਂ ਨੂੰ ਭਾਰਤੀ ਕੌਂਸਲੇਟ ਵਲੋਂ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਸਨ ਪਰ ਇਸ ਸੱਭ ਦੀ ਪ੍ਰਵਾਹ ਕੀਤੇ ਬਿਨਾਂ ਬੀਤੀ ਰਾਤ 4 ਮਈ ਨੂੰ ਕਨੇਟੀਕਟ ਦੇ ਸੈਨਟਰਾਂ ਵਲੋਂ 133 ਦਸਤਾਰ ਬਿੱਲ ਪਾਸ ਕਰ ਦਿਤਾ ਗਿਆ, ਇਸ ਬਿੱਲ ਦੇ ਸਬੰਧ 'ਚ ਹੋਈ ਵੋਟਿੰਗ 36 'ਚੋਂ 35 ਵੋਟਾਂ ਹੱਕ 'ਚ ਪਈਆਂ ਹਨ ਅਤੇ ਇਹ ਬਿੱਲ ਕਨੇਟੀਕਟ ਸੈਨਟ ਦਾ ਹਿੱਸਾ ਬਣ ਗਿਆ ਹੈ, ਇਸ ਬਿੱਲ ਅਨੁਸਾਰ ਦਸਤਾਰ ਨੂੰ ਸਿੱਖਾਂ ਦੇ ਧਰਮ ਦਾ ਅੰਗ ਮੰਨਿਆ ਗਿਆ ਹੈ |
'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈ੍ਰੱਸ ਨੋਟ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਕਨੈਕਟੀਕਟ ਸੂਬੇ 'ਚ ਕਿਸੇ ਵੀ ਨੌਕਰੀ 'ਚ ਸਿੱਖਾਂ ਲਈ ਦਸਤਾਰ ਅੜਿੱਕਾ ਨਹੀਂ ਬਣੇਗੀ, ਸਿੱਖ ਬਿਨਾਂ ਕਿਸੇ ਰੁਕਾਵਟ ਦੇ ਹਰ ਖੇਤਰ 'ਚ ਅਪਣੀ ਦਸਤਾਰ ਮਾਣ ਨਾਲ ਸਜਾ ਸਕਦੇ ਹਨ, ਇਹ ਬਿੱਲ ਸੈਨੇਟ ਵਲੋਂ ਪਾਸ ਕਰ ਕੇ ਗਵਰਨਰ ਨੈੱਡ ਲਮੌਟ ਦੇ ਦਸਤਖ਼ਤਾਂ ਲਈ ਭੇਜ ਦਿਤਾ ਗਿਆ ਹੈ | ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਮੁਤਾਬਕ ਜਥੇਬੰਦੀ ਸਮੁੱਚੀ ਕੌਮ ਨੂੰ ਇਸ ਬਿੱਲ ਦੇ ਪਾਸ ਹੋਣ ਦੀ ਵਧਾਈ ਦਿੰਦੀ ਹੈ |
ਉਨ੍ਹਾਂ ਆਖਿਆ ਕਿ 29 ਅਪ੍ਰੈਲ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਉਦਮ ਸਦਕਾ ਕਨੈਕਟੀਕਟ ਸਟੇਟ ਵਲੋਂ ਮਾਨਤਾ ਦਿਤੇ ਖ਼ਾਲਿਸਤਾਨ ਐਲਾਨਨਾਮੇ ਤੋਂ ਬਾਅਦ ਭਾਰਤ ਵਲੋਂ ਬਹੁਤ ਜ਼ਿਆਦਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ, ਅਸੀਂ ਵੇਖ ਸਕਦੇ ਹਾਂ ਕਿਵੇਂ ਭਾਰਤੀ ਮੀਡੀਆ ਉੱਪਰ ਕੁਫਰ ਬੋਲਿਆ ਜਾ ਰਿਹਾ ਹੈ ਅਤੇ ਭਾਰਤੀ ਫਰਮਾਂ ਅਮਰੀਕਾ 'ਚ ਵੀ ਅਪਣਾ ਪੂਰਾ ਜ਼ੋਰ ਲਾ ਰਹੀਆਂ ਹਨ ਪਰ ਇਹ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਾਰੇ ਭਾਰਤੀ ਪ੍ਰਾਪੇਗੰਡਾ ਦੇ ਚੱਲਦਿਆਂ ਕਨੈਕਟੀਕਟ ਸੂਬੇ ਨੇ ਪ੍ਰਵਾਹ ਕੀਤੇ ਬਿਨਾਂ ਸਿੱਖਾਂ ਨੂੰ ਅਪਣੇ ਸੀਨੇ ਨਾਲ ਲਾਇਆ ਹੈ ਅਤੇ ਦਸਤਾਰ ਬਿੱਲ ਪਾਸ ਕੀਤਾ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-6-2ਬੀ