ਨਹਿਰ 'ਚ ਦਲਦਲ ਵਿਚ ਫਸਣ ਕਾਰਨ 1 ਬੱਚੇ ਸਮੇਤ 2 ਦੀ ਮੌਤ, ਤੈਰਦੀਆਂ ਬੋਤਲਾਂ ਕੱਢਣ ਲਈ ਨਹਿਰ ’ਚ ਉਤਰੇ ਸਨ ਦੋਵੇਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਕਾਗਜ਼ ਇਕੱਠੇ ਕਰਨ, ਪਲਾਸਟਿਕ, ਲੋਹਾ ਆਦਿ ਵੇਚਣ ਦਾ ਕੰਮ ਕਰਦੇ ਸਨ

photo

 

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਨੇੜੇ ਰਾਜਸਥਾਨ ਫੀਡਰ ਵਿਚ ਬਣੇ ਦਲਦਲ ਵਿਚ ਫਸਣ ਨਾਲ 1 ਨਾਬਾਲਗ ਸਮੇਤ ਦੋ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮੁਕਤਸਰ ਦੀ ਜੋਗੀਆਂ ਵਾਲੀ ਬਸਤੀ ਦਾ ਰਹਿਣ ਵਾਲਾ 20 ਸਾਲਾ ਗੋਪੀ ਪੁੱਤਰ ਧੰਨਾ ਨਾਥ ਅਤੇ ਉਸ ਦਾ ਸਾਥੀ 14 ਸਾਲਾ ਬੱਬੂ ਪੁੱਤਰ ਬੀਰਾ ਨਾਥ ਵਾਸੀ ਹਨੂੰਮਾਨ ਬਸਤੀ ਦੋਵੇਂ ਕਾਗਜ਼ ਇਕੱਠੇ ਕਰਨ, ਪਲਾਸਟਿਕ, ਲੋਹਾ ਆਦਿ ਵੇਚਣ ਦਾ ਕੰਮ ਕਰਦੇ ਸਨ। 

ਸ਼ਨੀਵਾਰ ਨੂੰ ਵੀ ਰੋਜਾਨਾ ਦੀ ਤਰ੍ਹਾਂ ਦੋਵੇਂ ਆਪਣੇ ਹੋਰ ਸਾਥੀਆਂ ਨਾਲ ਪਲਾਸਟਿਕ ਦੀਆਂ ਬੋਤਲਾਂ, ਲੋਹਾ ਆਦਿ ਇਕੱਠਾ ਕਰਨ ਲਈ ਨਿਕਲੇ ਸਨ। ਉਨ੍ਹਾਂ ਨੂੰ ਪਿੰਡ ਭੁੱਲਰ ਨੇੜੇ ਰਾਜਸਥਾਨ ਫੀਡਰ ਨਹਿਰ ਵਿਚ ਕੁਝ ਬੋਤਲਾਂ ਤੈਰਦੀਆਂ ਮਿਲੀਆਂ। ਨਹਿਰ ਵਿਚ ਪਾਣੀ ਘੱਟ ਸੀ। ਗੋਪੀ ਅਤੇ ਬੱਬੂ ਖ਼ੁਦ ਆਪਣੇ ਹੋਰ ਚਾਰ ਸਾਥੀਆਂ ਨੂੰ ਕੰਢੇ 'ਤੇ ਖੜ੍ਹਾ ਕਰ ਕੇ ਨਹਿਰ 'ਚ ਉਤਰ ਗਏ।

ਪਰ ਉਹ ਨਹਿਰ 'ਚ ਥੋੜ੍ਹੀ ਦੂਰੀ 'ਤੇ ਹੀ ਦਲਦਲ 'ਚ ਫਸ ਗਏ। ਜਦੋਂ ਉਨ੍ਹਾਂ ਨੇ ਕਾਫੀ ਰੌਲਾ ਪਾਇਆ ਤਾਂ ਆਸ-ਪਾਸ ਮੌਜੂਦ ਲੋਕਾਂ ਨੇ ਫੀਡਰ ਵਿਚ ਛਾਲ ਮਾਰ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਹੌਲੀ-ਹੌਲੀ ਦਲਦਲ ਵਿਚ ਡੁੱਬਦੇ ਚਲੇ ਗਏ। ਕੁਝ ਲੋਕਾਂ ਨੇ ਸਦਰ ਥਾਣੇ ਨੂੰ ਵੀ ਸੂਚਿਤ ਕੀਤਾ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਕੁਝ ਸਮੇਂ ਬਾਅਦ ਪੁਲਿਸ ਦੀ ਮਦਦ ਨਾਲ ਕਰੇਨ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀ ਭਾਲ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।