ਹਰਿਆਣਾ 'ਚ ਬਿਜਲੀ-ਪਾਣੀ ਦੀ ਚੋਰੀ ਲਈ 6 ਜ਼ਿਲ੍ਹੇ ਸਭ ਤੋਂ ਅੱਗੇ, ਪੁਲਿਸ ਕੋਲ ਪਹੁੰਚੀਆਂ 24 ਹਜ਼ਾਰ 187 ਸ਼ਿਕਾਇਤਾਂ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਸਰਕਾਰ ਵਧਾਏਗੀ ਸਖ਼ਤੀ

6 districts are at the forefront for electricity and water theft in Haryana

ਹਰਿਆਣਾ - ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਜਲ ਬਚਾਓ ਮੁਹਿੰਮ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਦੀ ਪਹਿਲਕਦਮੀ 'ਤੇ ਸ਼ੁਰੂ ਕੀਤੀ ਮੁਹਿੰਮ 'ਚ 6 ਜ਼ਿਲਿਆਂ ਦੇ ਹਰਿਆਣਵੀ ਬਿਜਲੀ ਅਤੇ ਪਾਣੀ ਦੀ ਚੋਰੀ 'ਚ ਸਭ ਤੋਂ ਅੱਗੇ ਪਾਏ ਗਏ ਹਨ। ਸੂਬੇ ਦੇ ਥਾਣਿਆਂ ਵਿਚ ਹੁਣ ਤੱਕ 24 ਹਜ਼ਾਰ 187 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਹੁਣ ਇਸ ਖ਼ੁਲਾਸੇ ਤੋਂ ਬਾਅਦ ਸਰਕਾਰ ਇਨ੍ਹਾਂ ਜ਼ਿਲ੍ਹਿਆਂ ਵਿਚ ਸਖ਼ਤੀ ਵਧਾਉਣ ਜਾ ਰਹੀ ਹੈ। 
ਮੁੱਖ ਮੰਤਰੀ ਦੀ ਇਹ ਮੁਹਿੰਮ ਆਈਜੀਪੀ ਰਾਜਿੰਦਰ ਕੁਮਾਰ ਦੀ ਨਿਗਰਾਨੀ ਹੇਠ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਸਮੀਖਿਆ ਮੀਟਿੰਗ ਵੀ ਕੀਤੀ ਗਈ।

ਹਿਸਾਰ, ਫਰੀਦਾਬਾਦ, ਰੋਹਤਕ, ਜੀਂਦ, ਕਰਨਾਲ ਅਤੇ ਰੇਵਾੜੀ ਜ਼ਿਲ੍ਹੇ ਬਿਜਲੀ ਅਤੇ ਨਹਿਰੀ ਪਾਣੀ ਦੀ ਚੋਰੀ ਵਿਚ ਸਿਖ਼ਰ ’ਤੇ ਹਨ। ਸਰਕਾਰ ਹੁਣ ਇਨ੍ਹਾਂ ਜ਼ਿਲ੍ਹਿਆਂ ਵਿਚ ਸਖ਼ਤੀ ਵਧਾਏਗੀ। ਬਿਜਲੀ ਅਤੇ ਪਾਣੀ ਦੀ ਚੋਰੀ ਰੋਕਣ ਲਈ ਸੂਬੇ ਵਿਚ ਬਿਜਲੀ ਅਤੇ ਪਾਣੀ ਦੇ 8 ਥਾਣੇ ਖੋਲ੍ਹੇ ਗਏ ਹਨ। ਇੱਕ ਯੂਨਿਟ ਬਿਜਲੀ ਪੈਦਾ ਕਰਨ ਲਈ 850 ਗ੍ਰਾਮ ਕੋਲੇ ਅਤੇ 1.8 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਪਾਣੀ ਅਤੇ ਬਿਜਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਬਿਜਲੀ ਅਤੇ ਵਾਟਰ ਸਟੇਸ਼ਨਾਂ ਦੀ ਪੁਲਿਸ ਨੂੰ ਇਨ੍ਹਾਂ ਦੀ ਚੋਰੀ ਨੂੰ ਰੋਕਣ ਲਈ ਸਰਗਰਮ ਹੋਣ ਲਈ ਕਿਹਾ ਗਿਆ ਹੈ।

ਆਈਜੀਪੀ ਰਾਜਿੰਦਰ ਕੁਮਾਰ ਨੇ ਸਬੰਧਤ ਜ਼ਿਲ੍ਹਿਆਂ ਦੇ ਸਟੇਸ਼ਨ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਬਿਜਲੀ ਅਤੇ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਮੁਹਿੰਮ ਸਖ਼ਤੀ ਨਾਲ ਚਲਾਉਣ। ਸਮੀਖਿਆ ਮੀਟਿੰਗ ਵਿਚ ਦੱਸਿਆ ਗਿਆ ਕਿ 1 ਜਨਵਰੀ ਤੋਂ 30 ਅਪ੍ਰੈਲ ਤੱਕ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿਚ ਨਹਿਰੀ ਪਾਣੀ ਦੀ ਚੋਰੀ ਦੀਆਂ 311 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 149 ਸ਼ਿਕਾਇਤਾਂ ਹਿਸਾਰ ਬਿਜਲੀ ਪਾਣੀ ਥਾਣੇ ਵਿਚ ਦਰਜ ਹੋਈਆਂ।

ਹਰਿਆਣਾ ਦੇ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਬਿਜਲੀ ਅਤੇ ਪਾਣੀ ਦੀ ਚੋਰੀ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਵਿਚ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਗ੍ਰਹਿ ਜ਼ਿਲ੍ਹਾ ਅੰਬਾਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਜ਼ਿਲ੍ਹੇ ਦੇ ਥਾਣਿਆਂ ਵਿਚ ਪਾਣੀ ਚੋਰੀ ਦੀ ਇੱਕ ਵੀ ਸ਼ਿਕਾਇਤ ਦਰਜ ਨਹੀਂ ਹੋਈ ਹੈ। ਫਰੀਦਾਬਾਦ, ਰੋਹਤਕ, ਜੀਂਦ ਅਤੇ ਕਰਨਾਲ ਅਤੇ ਰੇਵਾੜੀ ਜ਼ਿਲ੍ਹਿਆਂ ਵਿਚ ਵੀ ਬਿਜਲੀ ਅਤੇ ਪਾਣੀ ਚੋਰੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। 

1 ਜਨਵਰੀ ਤੋਂ 30 ਅਪ੍ਰੈਲ 2023 ਤੱਕ ਹਰਿਆਣਾ ਪੁਲਿਸ ਨੇ ਬਿਜਲੀ ਅਤੇ ਪਾਣੀ ਚੋਰੀ ਕਰਨ ਵਾਲਿਆਂ ਤੋਂ 64.47 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਹੁਣ ਤੱਕ ਬਿਜਲੀ ਚੋਰੀ ਦੇ ਕੁੱਲ 24 ਹਜ਼ਾਰ 187 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਕਰਨਾਲ ਦੇ 1619, ਰੋਹਤਕ 2349, ਜੀਂਦ 2711, ਹਿਸਾਰ 4637, ਰੇਵਾੜੀ 4528, ਗੁਰੂਗ੍ਰਾਮ 4216 ਅਤੇ ਫਰੀਦਾਬਾਦ ਵਿਚ 2486 ਬਿਜਲੀ ਚੋਰੀ ਦੇ ਮਾਮਲੇ ਦਰਜ ਹਨ।