ਵੇਖ ਲਵੋ, ਪਿਛਲੇ ਮੁੱਖ ਮੰਤਰੀਆਂ ਨੇ ਪੰਜਾਬ ਨਾਲ ਜੋ ਕੀਤਾ ਤੇ ਜੋ ਮੈਂ ਹੁਣ ਤਕ ਕਰ ਵਿਖਾਇਆ ਹੈ: CM ਭਗਵੰਤ ਸਿੰਘ ਮਾਨ
ਜਿਹੜੇ ਕੰਮ ਪਿਛਲੀਆਂ ਸਰਕਾਰਾਂ ਆਖ਼ਰੀ ਸਾਲ ਵਿਚ ਕਰਦੀਆਂ ਹੁੰਦੀਆਂ ਸਨ, ਉਹ ਅਸੀ ਪਹਿਲੇ ਸਾਲ ਵਿਚ ਹੀ ਕਰ ਦਿਤੇ ਹਨ।
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਇਕ ਸਾਲ ਹੋ ਗਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨੂੰ ਕਈ ਵਿੱਤੀ ਚੁਣੌਤੀਆਂ ਦੇ ਨਾਲ-ਨਾਲ ਹਿੰਸਕ ਅਤੇ ਅਪਰਾਧਕ ਘਟਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਨੂੰ ਲੈ ਕੇ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰੋਗਰਾਮ ‘ਦਰਬਾਰ-ਏ-ਸਿਆਸਤ’ ਅਦਾਰੇ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖ਼ਾਸ ਗੱਲਬਾਤ ਕੀਤੀ।
ਸਵਾਲ- ਅੱਜ ਜਿਸ ਅਹੁਦੇ ’ਤੇ ਤੁਸੀਂ ਪਹੁੰਚ ਗਏ ਹੋ, ਉਸ ਤੋਂ ਬਾਅਦ ਤੁਹਾਡੇ ਵਿਚ ਕੀ ਬਦਲਾਅ ਆਇਆ ਹੈ?
ਜਵਾਬ- ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਕੀਤਾ ਹੈ ਅਤੇ ਪਹਿਲੀ ਵਾਰ ਕਿਸੇ ਪਾਰਟੀ ਨੂੰ 92 ਸੀਟਾਂ ਜਿਤਾ ਕੇ ਸੂਬੇ ਦੀ ਵਾਗਡੋਰ ਸੌਂਪੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ 92 ਵਿਚੋਂ 82 ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ ਤੇ ਉਹ ਵੀ ਛੋਟੀ ਉਮਰ ਦੇ। ਇਨ੍ਹਾਂ ਛੋਟੀ ਉਮਰ ਦੇ ਵਿਧਾਇਕਾਂ ਨੇ ਵੱਡੇ-ਵੱਡੇ ਮਹਾਂਰਥੀ ਹਰਾਏ ਹਨ। ਉਨ੍ਹਾਂ ਕਿਹਾ ਕਿ ਉਹ ਵੀ ਪਹਿਲੀ ਵਾਰ ਵਿਧਾਇਕ ਬਣੇ ਹਨ ਤੇ ਜਦੋਂ ਕੋਈ ਉਮੀਦ ਨਾਲ ਤੁਹਾਡੇ ’ਤੇ ਵਿਸ਼ਵਾਸ ਕਰਦਾ ਹੈ ਤਾਂ ਤੁਹਾਨੂੰ ਵੀ ਉਸ ਉਮੀਦ ’ਤੇ ਖਰੇ ਉਤਰਨਾ ਚਾਹੀਦਾ ਹੈ।
ਜਦੋਂ ਕਦੇ ਸਚਿਨ ਤੇਂਦੂਲਕਰ 80 ਦੌੜਾਂ ਬਣਾ ਕੇ ਆਊਟ ਹੋ ਜਾਂਦਾ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਵਕਤ ਤੋਂ ਪਹਿਲਾਂ ਆਊਟ ਹੋ ਗਿਆ। ਉਨ੍ਹਾਂ ਨੂੰ ਉਸ ਤੋਂ ਸੈਂਕੜੇ ਦੀ ਉਮੀਦ ਹੁੰਦੀ ਸੀ। ਮੇਰਾ ਅਹੁਦਾ ਸਿਰਫ਼ ਕੰਮ ਕਰਨ ਦਾ ਅਹੁਦਾ ਹੈ, ਨਾ ਕਿ ਐਸ਼ ਕਰਨ ਦਾ। ਮੈਂ ਅਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਇਹੀ ਕਿਹਾ ਹੈ ਕਿ ਕੰਮ ਸੱਚੇ ਮਨ ਨਾਲ ਕਰਨਾ ਹੈੈ। ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲਾਂ ਇਸ ਕੁਰਸੀ ’ਤੇ ਬੈਠੇ ਸਨ, ਉਹ ਕੁਰਸੀ ’ਤੇ ਬੈਠ ਕੇ ਮਸ਼ਹੂਰ ਹੋਏ ਸਨ, ਪਰ ਅਸੀਂ ਮਸ਼ਹੂਰ ਹੋ ਕੇ ਕੁਰਸੀ ’ਤੇ ਬੈਠੇ ਹਾਂ। ਲੋਕਾਂ ਨੇ ਤਾਂ ਮੈਨੂੰ ਛੋਟੀ ਉਮਰ ਵਿਚ ਹੀ ਮਸ਼ਹੂਰ ਕਰ ਦਿਤਾ ਸੀ। ਹੁਣ ਤਾਂ ਮੈਨੂੰ ਅਖ਼ਬਾਰ ਵਿਚ ਵੀ ਫ਼ੋਟੋ ਲਗਵਾਉਣ ਦਾ ਵੀ ਚਾਅ ਨਹੀਂ ਰਿਹਾ।
ਸਵਾਲ - ਤਾਕਤ ਵੀ ਬਹੁਤ ਵੱਡੀ ਹੁੰਦੀ ਹੈ ਤੇ ਉਸ ਨਾਲ ਕੋਈ ਅਪਣੇ ਆਪ ਨੂੰ ਵੇਖਣ ਦਾ ਤਰੀਕਾ ਨਹੀਂ ਬਦਲਦਾ, ਤਾਕਤ ਬਾਰੇ ਕੀ ਕਹੋਗੇ?
ਜਵਾਬ - ਤਾਕਤ ਅਸੀਂ ਹੱਥ ਜੋੜ ਕੇ ਲਈ ਹੈ ਲੋਕਾਂ ਤੋਂ। ਅਸੀਂ ਘਰ-ਘਰ ਗਏ ਹਾਂ ਲੋਕਾਂ ਅੱਗੇ ਹੱਥ ਜੋੜੇ ਹਨ ਕਿ ਇਹ ਕੰਮ ਸਾਨੂੰ ਦਿਉੇੇ। ਤਾਕਤ ਲੋਕਾਂ ਦੀ ਭਲਾਈ ਲਈ ਵਰਤਣੀ ਚਾਹੀਦੀ ਹੈ, ਨਾ ਕਿ ਲੋਕਾਂ ’ਤੇ ਜ਼ੁਲਮ ਕਰਨ ਲਈ। ਪਹਿਲਾਂ ਵੱਡੇ ਤੋਂ ਵੱਡਾ ਮਹਿਲ ਖਰੀਦਦੇ ਸੀ, ਜਿਸ ਦੇ ਦਰਵਾਜ਼ੇ ਇੰਨੇ ਵੱਡੇ ਹੁੰਦੇ ਸਨ ਕਿ ਆਮ ਲੋਕ ਆ ਕੇ ਉਨ੍ਹਾਂ ਨੂੰ ਮਿਲ ਹੀ ਨਹੀਂ ਪਾਉਂਦੇ ਸਨ। ਮੈਂ ਉਂਗਲਾਂ ’ਤੇ ਗਿਣ ਕੇ ਦੱਸ ਸਕਦਾ ਹਾਂ ਕਿ ਅਪਣੇ ਕਾਰਜਕਾਲ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਿੰਨੀ ਵਾਰ ਆਏ। ਕੈਪਟਨ ਅਮਰਿੰਦਰ 5 ਸਾਲਾਂ ਵਿਚ ਕੁੱਝ ਕੁ ਵਾਰ ਹੀ ਪੰਜਾਬ ਆਏ। ਹਾਂ, ਉਨ੍ਹਾਂ ਦਾ ਜਹਾਜ਼ ਆਏ ਦਿਨ ਪਹਾੜਾਂ ਵਲ ਨੂੰ ਜ਼ਰੂਰ ਚੜ੍ਹ ਜਾਂਦਾ ਸੀ। ਲੋਕਾਂ ਨੇ ਮੁੱਖ ਮੰਤਰੀ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਚੁਣਿਆ ਹੁੰਦਾ ਹੈ, ਨਾ ਕਿ ਮਹਿਲਾਂ ਵਿਚ ਬੈਠਣ ਲਈ।
ਸਵਾਲ - ਤੁਹਾਡੀ ਸਰਕਾਰ ਬਦਲਾਅ ਦੇ ਵਾਅਦੇ ਨਾਲ ਬਣੀ, ਇਕ ਸਾਲ ਦੇ ਕਾਰਜਕਾਲ ’ਚ ਤੁਹਾਡੀ ਕੀ ਪ੍ਰਾਪਤੀ ਹੈ? ਤੁਸੀਂ ਕਿਹੜੇ ਵੱਡੇ ਬਦਲਾਅ ਕੀਤੇ, ਜੋ ਪਹਿਲਾਂ ਨਹੀਂ ਹੋਏ?
ਜਵਾਬ - ਇਕ ਸਾਲ ਵਿਚ ਚੁਣੌਤੀਆਂ ਬਹੁਤ ਆਈਆਂ, ਕਿਉਂਕਿ ਜਿੰਨੇ ਵੀ ਮੁੱਖ ਮੰਤਰੀ ਪਹਿਲਾਂ ਬਣੇ ਸੀ, ਉਹ ਸਾਨੂੰ ਪੁਰਖਿਆਂ ਦੇ ਤੌਰ ’ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਦੇ ਗਏ ਤੇ ਨਾਲ ਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ। ਨਾ ਹੀ ਉਨ੍ਹਾਂ ਨੇ ਕੋਈ ਸਕੂਲ ਬਣਾਇਆ ਤੇ ਨਾ ਹੀ ਕੋਈ ਹਸਪਤਾਲ, ਫ਼ਿਰ ਵੀ ਖ਼ਜ਼ਾਨਾ ਖ਼ਾਲੀ ਹੋ ਗਿਆ। ਜੇ ਸੜਕਾਂ ਵੀ ਬਣਾਈਆਂ ਤਾਂ ਉਹ ਵੀ ਪ੍ਰਾਈਵੇਟ ਕੰਪਨੀਆਂ ਨੇੇ। ਸਾਡੀ ਸਰਕਾਰ ਨੇ ਆ ਕੇ 9 ਟੋਲ ਪਲਾਜ਼ੇ ਬੰਦ ਕਰ ਦਿਤੇ, ਜਿਨ੍ਹਾਂ ਦੀ ਮਿਆਦ 2-3 ਸਾਲ ਤੋਂ ਉਪਰ ਜਾ ਚੁੱਕੀ ਸੀ।
ਸਾਡੀ ਸਰਕਾਰ ਨੇ ਆ ਕੇ ਬਿਜਲੀ ਮੁਫ਼ਤ ਕਰ ਦਿਤੀ ਤੇ ਪਹਿਲੇ ਬਜਟ ਵਿਚ ਕੋਈ ਵੀ ਟੈਕਸ ਨਹੀਂ ਲਗਾਇਆ। ਇਹ 26 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ 1 ਸਾਲ ਦੀ ਸਬਸਿਡੀ ਦੇ ਪੈਸੇ 20 ਹਜ਼ਾਰ 200 ਕਰੋੜ ਰੁਪਏ ਪਹਿਲਾਂ ਹੀ ਅਦਾ ਕਰ ਦਿਤੇ ਹੋਣ। ਅਸੀਂ ਇਹ ਨਹੀਂ ਕਰ ਰਹੇ ਕਿ ਬਿਜਲੀ ਬੋਰਡ ਨੂੰ ਕਰਜ਼ਈ ਕਰ ਕੇ ਸਹੂਲਤਾਂ ਦੇਵਾਂਗੇ, ਬਲਕਿ ਸੱਭ ਪਾਸੇ ਧਿਆਨ ਰੱਖ ਰਹੇ ਹਾਂ। ਇਸ ਲਈ ਕਰਜ਼ਾ ਵੀ ਨਹੀਂ ਲੈਣਾ ਪੈ ਰਿਹਾ, ਕਿਉਂਕਿ ਅਸੀਂ ਭਿ੍ਰਸ਼ਟਾਚਾਰ ਬੰਦ ਕਰ ਰਹੇ ਹਾਂ ਤੇ ਜੋ ਲੋਕਾਂ ਦਾ ਪੈਸਾ ਖਾ ਰਹੇ ਹਨ, ਉਨ੍ਹਾਂ ਨੂੰ ਫੜ ਰਹੇ ਹਾਂ।
ਪੰਜਾਬ ਰੋਡਵੇਜ਼ ਘਾਟੇ ਵਿਚ ਚਲ ਰਹੀ ਸੀ, ਉਸ ਨੂੰ ਉਪਰ ਲੈ ਕੇ ਆਏ ਹਾਂ। ਰੇਤਾ ਸਸਤਾ ਕਰ ਦਿਤਾ ਹੈ ਤੇ ਲੋਕਾਂ ਨੂੰ ਹੋਰ ਸਹੂਲਤਾਂ ਵੀ ਮਿਲ ਰਹੀਆਂ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 9 ਵਾਰ ਬਜਟ ਪੇਸ਼ ਕੀਤਾ, ਪਰ ਇਕ ਵਾਰ ਵੀ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਭਰਿਆ ਹੋਇਆ ਹੈ। ਜਦੋਂ ਕਿ ਸਾਡੀ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ ’ਤੇ 20 ਦਿਨਾਂ ਵਿਚ ਉਨ੍ਹਾਂ ਨੂੰ ਮੁਆਵਜ਼ਾ ਦੇ ਦਿਤਾ।
ਸਵਾਲ - ਤੁਸੀਂ ਕਹਿ ਰਹੇ ਹੋ ਕਿ ਐਕਸਾਈਜ਼ ਤੋਂ ਪੈਸੇ ਆ ਰਹੇ ਹਨ, ਜਦੋਂ ਕਿ ਉਸ ਦੀ ਤਾਂ ਸੀਬੀਆਈ ਜਾਂਚ ਚਲ ਰਹੀ ਹੈ, ਉਸ ਵਿਚ ਕਮੀਆਂ ਕੀ ਨੇ?
ਜਵਾਬ - ਉਹ ਦਿੱਲੀ ਵਿਚ ਨਹੀਂ ਚੱਲਣ ਦੇਣਾ ਚਾਹੁੰਦੇ। ਇਸਦਾ ਵੱਡਾ ਕਾਰਨ ਇਹ ਹੈ ਕਿ ਕਿਸੇ ਨੇ ਮੋਦੀ ਜੀ ਨੂੰ ਜਾ ਕੇ ਕਹਿ ਦਿਤਾ ਕਿ ਦਿੱਲੀ ਦੇ ਸਕੂਲ ਬਹੁਤ ਵਧੀਆ ਬਣ ਗਏ ਹਨ ਤੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ। ਫ਼ਿਰ ਮੋਦੀ ਜੀ ਨੇ ਵੀ ਇਹੀ ਪੁੱਛਣਾ ਹੁੰਦਾ ਹੈ ਕਿ ਕੀ ਕਰੀਏ ਤਾਂ ਅੱਗੋਂ ਕਿਹਾ ਗਿਆ ਕਿ ‘ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿਉ।’ ਇਹੀ ਕਾਰਨ ਰਿਹਾ ਸਾਰੀ ਕਾਰਵਾਈ ਦਾ।
ਜਿੰਨੇ ਮਰਜ਼ੀ ਲੀਡਰ ਤੁਹਾਡੇ ਘਰ ਆ ਕੇ ਕਹਿ ਦੇਣ ਕਿ ਗ਼ਰੀਬੀ ਖ਼ਤਮ ਕਰ ਦਿਆਂਗੇ, ਪਰ ਕੋਈ ਵੀ ਲੀਡਰ ਗ਼ਰੀਬੀ ਨਹੀਂ ਖ਼ਤਮ ਕਰ ਸਕਦਾ। ਗ਼ਰੀਬੀ ਸਿਰਫ਼ ਉੱਚ ਪਧਰੀ ਸਿਖਿਆ ਹੀ ਖ਼ਤਮ ਕਰ ਸਕਦੀ ਹੈ, ਕਿਉਂਕਿ ਜੇ ਪੜ੍ਹਾਈ ਕਰੋਗੇ ਤਾਂ ਨੌਕਰੀ ਮਿਲੇਗੀ ਤੇ ਤਾਂ ਹੀ ਗ਼ਰੀਬੀ ਖ਼ਤਮ ਹੋਵੇਗੀ। ਜਦੋਂ ਮੈਂ 8ਵੀਂ ਜਮਾਤ ’ਚੋਂ ਅੱਵਲ ਆਈਆਂ ਕੁੜੀਆਂ ਦੇ ਨਤੀਜੇ ਵੇਖੇ ਤਾਂ ਉਨ੍ਹਾਂ ਨੂੰ ਉਸੇ ਸਮੇਂ ਹੀ ਘਰ ਬੁਲਾਇਆ ਅਤੇ 51 ਹਜ਼ਾਰ ਦੇ ਚੈੱਕ ਦਿਤੇ ਤੇ ਚੈੱਕ ਲੈ ਕੇ ਮਾਪੇ ਕਹਿੰਦੇ ਕਿ ਉਹ ਤਾਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਮਿਲੇ ਹਨ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਕੁੜੀਆਂ ਪਹਿਲਾਂ ਵੀ 5ਵੀਂ ਵਿਚੋਂ ਅੱਵਲ ਆਈਆਂ ਸਨ, ਪਰ ਉਦੋਂ ਕਿਸੇ ਨੇ ਉਨ੍ਹਾਂ ਨੂੰ ਸਨਮਾਨਤ ਨਹੀਂ ਕੀਤਾ ਤੇ ਨਾ ਹੀ ਕਿਸੇ ਮੁੱਖ ਮੰਤਰੀ ਨੇ ਬੁਲਾਇਅ। ਪੰਜਾਬ ਦੇ ਬੱਚਿਆਂ ਵਿਚ ਕਲਾ ਬਹੁਤ ਹੈ, ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਜਿਥੇ ਉਹ ਅਪਣੀ ਕਲਾ ਤੇ ਸਮਰੱਥਾ ਵਿਖਾ ਸਕਣ।
ਸਵਾਲ - ਤੁਸੀਂ ਜਨਤਕ ਖਾਣਾਂ ਸ਼ੁਰੂ ਕੀਤੀਆਂ, ਹੁਣ ਤਕ ਕਿੰਨੀਆਂ ਖਾਣਾਂ ਸਰਗਰਮ ਹਨ ਅਤੇ ਇਸ ਸਾਲ ਦੇ ਅੰਤ ਤਕ ਕੁਲ ਕਿੰਨੀਆਂ ਹੋ ਜਾਣਗੀਆਂ? ਇਸ ਤੋਂ ਕਿੰਨੇ ਦਾ ਰੇਤਾ ਮਿਲੇਗਾ ਅਤੇ ਕਿੰਨਾ ਰੁਜ਼ਗਾਰ ਪੈਦਾ ਹੋਵੇਗਾ?
ਜਵਾਬ - ਮਾਈਨਿੰਗ ਵਿਚ ਅਸੀਂ ਪਬਲਿਕ ਖਾਣਾਂ ਖੋਲ੍ਹ ਦਿਤੀਆਂ ਹਨ, ਜੋ ਅਜੇ 55 ਹਨ। ਅਜੇ ਹੋਰ ਖੋਲ੍ਹੀਆਂ ਜਾਣਗੀਆਂ। ਪਬਲਕਿ ਖਾਣਾਂ ਵਿਚ ਜੇਸੀਬੀ ਨਹੀਂ ਚਲ ਸਕਦੀ, ਸਿਰਫ਼ ਹੱਥਾਂ ਨਾਲ ਹੀ ਰੇਤ ਕੱਢੀ ਜਾਇਆ ਕਰੇਗੀ। ਟਰਾਲੀ ਲੈ ਕੇ ਜਾਉ ਤੇ ਜੇ ਤੁਹਾਡੇ ਅਪਣੇ ਬੰਦੇ ਨੇ ਤਾਂ ਠੀਕ ਹੈ ਨਹੀਂ ਤਾਂ ਉਥੇ ਖਾਣ ’ਤੇ ਹੀ ਟਰਾਲੀ ਭਰਨ ਲਈ ਲੇਬਰ ਮਿਲ ਜਾਵੇਗੀ। ਪਹਿਲਾਂ ਰੇਤੇ ਵਿਚੋਂ ਚੋਰੀ ਬਹੁਤ ਹੁੰਦੀ ਸੀ, ਪਰ ਹੁਣ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਰੇਤਾ ਵਿਕਦਾ ਹੈ।ੇ ਸਿਰਫ਼ ਸਾਢੇ 5 ਰੁਪਏ ਰੇਤਾ ਮਿਲਦਾ ਹੈ ਤੇ ਹੁਣ ਸਰਕਾਰ ਨੂੰ ਰੇਤੇ ਵਿਚੋਂ ਬਹੁਤ ਕਮਾਈ ਹੋ ਰਹੀ ਹੈ।
ਸਵਾਲ - ਦਾਅਵਾ ਹੈ ਕਿ ਤੁਸੀਂ 28 ਹਜ਼ਾਰ ਨੌਕਰੀਆਂ ਦਿਤੀਆਂ ਹਨ। ਹੋਰ ਨੌਕਰੀਆਂ ਦੇਣ ਦੀ ਕੀ ਯੋਜਨਾ ਹੈ? ਵਿਰੋਧੀ ਤਾਂ ਕਹਿੰਦੇ ਨੇ ਕਿ ਇਹ ਨੌਕਰੀਆਂ ਤਾਂ ਉਹ ਕੱਢ ਕੇ ਗਏ ਸਨ ਤੇ ਹੁਣ ਸਿਰਫ਼ ਨਿਯੁਕਤੀ ਪੱਤਰ ਦਿਤੇ ਗਏ ਹਨ, ਕੀ ਵਿਚਾਰ ਨੇ?
ਜਵਾਬ - ਦੇਖੋ, 29 ਹਜ਼ਾਰ ਨੌਕਰੀਆਂ ਦਿਤੀਆਂ ਜਾ ਚੁਕੀਆਂ ਨੇ, ਜੋ ਅਸੀਂ ਕੱਢੀਆਂ ਸਨ ਤੇ ਨਿਯੁਕਤੀ ਪੱਤਰ ਦਿਤੇ ਜਾ ਚੁੱਕੇ ਹਨ। ਜੇ ਅਸੀਂ ਨਵੇਂ ਹਸਪਤਾਲ ਬਣਾਵਾਂਗੇ ਤਾਂ ਉਸ ਵਿਚ ਡਾਕਟਰ ਵੀ ਤਾਂ ਚਾਹੀਦੇ ਹੀ ਹੋਣਗੇ ਤੇ ਨਵੇਂ ਫਾਰਮਾਸਿਸਟ ਆਦਿ ਵੀ ਰੱਖ ਰਹੇ ਹਾਂ। ਫਿਰ ਹੀ ਹਸਪਤਾਲਾਂ ਵਿਚ ਕੰਮ ਚੱਲੇਗਾ।
ਪਿਛਲੀਆਂ ਸਰਕਾਰਾਂ ਸਮੇਂ ਅਧਿਆਪਕ ਟੈਂਕੀਆਂ ’ਤੇ ਚੜ੍ਹੇ ਹੁੰਦੇ ਸੀ, ਪਰ ਹੁਣ ਵੇਖੋ ਸਾਡੀ ਸਰਕਾਰ ਵੇਲੇ ਇਕ ਵੀ ਅਧਿਆਪਕ ਟੈਂਕੀ ’ਤੇ ਨਹੀਂ ਚੜਿ੍ਹਆ ਹੋਇਆ। ਸੱਭ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ। ਅਸੀਂ ਲੀਗਲ ਤਰੀਕੇ ਨਾਲ ਨੌਕਰੀਆਂ ਦੇ ਰਹੇ ਹਾਂ, ਕਿਉਂਕਿ ਜੇ ਅਸੀਂ ਇਸ ਤਰ੍ਹਾਂ ਬੋਲ ਕੇ ਹੀ ਕਹਿ ਦੇਈਏ ਕਿ ਆ ਜਾਉ ਇਕ ਹਜ਼ਾਰ ਨੌਕਰੀਆਂ ਹੋਰ ਲੈ ਲਉ ਤਾਂ ਨਿਯੁਕਤੀ ਪੱਤਰ ਤਾਂ ਮਿਲ ਜਾਣਗੇ, ਪਰ ਅਧਿਆਪਕਾਂ ਨੂੰ ਸਕੂਲ ਦੀ ਜਗ੍ਹਾ ਕੋਰਟ ਜਾਣਾ ਪਵੇਗਾ ਕਿਉਂਕਿ ਜਲਦੀ ਵਿਚ ਲੀਗਲ ਕੰਮ ਨਹੀਂ ਹੁੰਦੇ। ਜਿਹੜੇ ਕੰਮ ਪਿਛਲੀਆਂ ਸਰਕਾਰਾਂ ਆਖਰੀ ਸਾਲ ਵਿਚ ਕਰਦੀਆਂ ਹੁੰਦੀਆਂ ਸੀ, ਉਹ ਅਸੀਂ ਪਹਿਲੇ ਸਾਲ ਵਿਚ ਹੀ ਕਰ ਦਿਤੇ ਹਨ।
ਸਵਾਲ - ਪੁਰਾਣੀਆਂ ਸਰਕਾਰਾਂ ਤੋਂ ਕਰਜ਼ਾ ਚਲਦਾ ਆ ਰਿਹਾ ਹੈ, ਬੋਝ ਵਧਦਾ ਜਾ ਰਿਹਾ ਹੈ, ਅਸੀਂ ਇਸ ਬੋਝ ਨੂੰ ਕਿਵੇਂ ਖ਼ਤਮ ਕਰਾਂਗੇ?
ਜਵਾਬ - ਉਹ ਤਾਂ ਜਾਂਚ ਕਰਨੀ ਪਵੇਗੀ, ਕਿਉਂਕਿ ਉਹ ਤਾਂ ਜਾਂਦੇ-ਜਾਂਦੇ 31 ਹਜ਼ਾਰ ਕਰੋੜ ਦਾ ਐਫ਼ਸੀਆਈ ਵਿਚ ਘਪਲਾ ਕਰ ਗਏ। ਜਾਂਚ ਖੋਲ੍ਹਣੀ ਪਵੇਗੀ। ਇਹ ਜੋ ਅੰਦਰ ਕੀਤੇ ਹਨ ਇਨ੍ਹਾਂ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ। ਜੋ ਇਨ੍ਹਾਂ ਨੇ ਕੀਤਾ ਉਸ ਦੀ ਸਜ਼ਾ ਭੁਗਤ ਰਹੇ ਹਨ।
ਸਵਾਲ - ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਆਗੂਆਂ ਵਿਰੁਧ ਵਿਜੀਲੈਂਸ ਦੀ ਕਾਰਵਾਈ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ, ਪਰ ਕਾਂਗਰਸੀਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਵਿਰੁਧ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕੇਂਦਰ ਅਪਣੇ ਵਿਰੋਧੀਆਂ ਵਿਰੁਧ ਈ.ਡੀ.-ਸੀ.ਬੀ.ਆਈ. ਦੀ ਵਰਤੋਂ ਕਰ ਕੇ, ਬਦਲੇ ਦੀ ਰਾਜਨੀਤੀ ਕਰਦੀ ਹੈ?
ਜਵਾਬ - ਮੈਨੂੰ ਇਕ ਬੰਦਾ ਦੱਸ ਦਿਉ ਜੋ ਮੈਂ ਜਾਣ ਬੁੱਝ ਕੇ ਫਸਾਇਆ ਹੋਵੇ, ਬਲਕਿ ਇਸ ਇਕ ਸਾਲ ਵਿਚ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਝੂਠੇ ਪਰਚੇ ਹੋਣੇ ਬੰਦ ਹੋ ਗਏ ਹਨ। ਅਸੀਂ ਤਾਂ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਹੈ ਕਿ ਜੇ ਤੁਸੀਂ ਕਿਸੇ ਗ਼ਲਤ ਬੰਦੇ ਨੂੰ ਛੱਡ ਕੇ ਕਿਸੇ ਭਲੇ ਮਾਣਸ ਨੂੰ ਅੰਦਰ ਕੀਤਾ ਤਾਂ ਤੁਹਾਡੀ ਨੌਕਰੀ ਖ਼ਤਰੇ ਵਿਚ ਹੈ।
ਸਵਾਲ - ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕਹਿਣਾ ਹੈ, ਸਰਕਾਰ ਨੇ ਮੇਰੇ ’ਤੇ 170 ਕਰੋੜ ਦੀ ਜਾਇਦਾਦ ਬਣਾਉਣ ਦੇ ਇਲਜ਼ਾਮ ਲਗਾਏ, ਹੁਣ ਸਾਬਤ ਨਹੀਂ ਕਰ ਪਾ ਰਹੇ। ਜੇਕਰ ਇਹ ਸਾਬਤ ਨਾ ਹੋਇਆ ਤਾਂ ਮੈਂ ਇਨ੍ਹਾਂ ਨੂੰ ਵੇਖ ਲਵਾਂਗਾ।
ਜਵਾਬ - ਉਹ ਤਾਂ ਕਹਿੰਦੈ ਕਿ ਮੈਂ ਬਹੁਤ ਗ਼ਰੀਬ ਹਾਂ ਪਰ ਜਦੋਂ ਉਨ੍ਹਾਂ ਦੇ ਭਾਣਜੇ ਘਰੋਂ 8 ਕਰੋੜ ਰੁਪਏ ਮਿਲੇ ਸੀ, ਉਸ ਸਮੇਂ ਤਾਂ ਅਸੀਂ ਸੱਤਾ ਵਿਚ ਨਹੀਂ ਸੀ। ਉਹ ਅਸੀਂ ਤਾਂ ਨਹੀਂ ਕਰਵਾਇਆ। ਚੰਨੀ ਜੀ ਕਹਿੰਦੇ ਕਿ ਭਗਵੰਤ ਮਾਨ ਨੂੰ ਕਹਿ ਦਿਉ ਕਿ ਮੇਰੇ ਨਾਲ ਜਾਇਦਾਦ ਵਟਾ ਲਵੇ। ਮੈਂ ਕਿਹਾ ਮੈਂ ਤਿਆਰ ਹਾਂ, ਪਰ ਉਸ ਦੇ ਨਾਲ ਭਾਣਜਿਆਂ ਤੇ ਭਤੀਜਿਆਂ ਦੀ ਵੀ ਬਦਲੇਗੀ, ਉਹ ਫ਼ਿਰ ਨਹੀਂ ਬੋਲੇ।
ਸਵਾਲ - ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਉਨ੍ਹਾਂ ਕੋਲ 25 ਆਗੂਆਂ ਦੀ ਸੂਚੀ ਹੈ, ਜੋ ਭਿ੍ਰਸ਼ਟਾਚਾਰ ਵਿਚ ਸ਼ਾਮਲ ਸਨ। ਕੀ ਹੁਣ ਸਰਕਾਰ ਉਸ ਸੂਚੀ ’ਤੇ ਕਾਰਵਾਈ ਕਰੇਗੀ?
ਜਵਾਬ - ਉਨ੍ਹਾਂ ਨੇ ਉਸ ਸਮੇਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜਦੋਂ ਉਹ ਕਾਂਗਰਸ ਵਿਚ ਸੀ? ਜਦੋਂ ਭਾਜਪਾ ਵਿਚ ਚਲੇ ਗਏ ਤਾਂ ਉਨ੍ਹਾਂ ਨੂੰ ਦੂਜੇ ਲੀਡਰ ਕਰੱਪਸ਼ਨ ਕਰਦੇ ਦਿਖ ਰਹੇ ਹਨ।
ਉਦੋਂ ਕਹਿੰਦੇ ਸੀ ਕਿ ਮੈਨੂੰ ਦਿੱਲੀ ਵਾਲਿਆਂ ਨੇ ਇਜਾਜ਼ਤ ਨਹੀਂ ਦਿਤੀ ਸੀ ਤੇ ਹੁਣ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਦਿੱਲੀ ਤੋਂ ਚਲਦੇ ਹੋ। ਕੀ ਆਪ ਇਹ ਮੋਗੇ ਤੋਂ ਚਲਦੇ ਨੇ? ਇਨ੍ਹਾਂ ਨੂੰ ਕੋਈ ਪੁੱਛੇ, ਅਸੀਂ ਤਾਂ ਅਪਣੇ ਵਿਧਾਇਕ ਤੇ ਮੰਤਰੀ ਅੰਦਰ ਕਰ ਦਿਤੇ ਅਤੇ ਇਨ੍ਹਾਂ ਨੂੰ ਪੁੱਛੋ ਕਿ ਇਨ੍ਹਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ। ਇਨ੍ਹਾਂ ਦੀਆਂ ਤਾਂ ਖ਼ਬਰਾਂ ਬਹੁਤ ਆਉਂਦੀਆਂ ਨੇ। ਕਿਤੇ ਇਹ ਵੀ ਖ਼ਬਰ ਹੁੰਦੀ ਹੈ ਕਿ ਅੱਜ ਸਾਰੇ ਕਾਂਗਰਸੀ ਇਕੱਠੇ ਵੇਖੇ ਗਏ। ਇਹ ਕਾਂਗਰਸੀ ਕੁਰਸੀ ਲਈ ਲੜਦੇ ਨੇ, ਅਪਣੇ ਲਈ ਲੜਦੇ ਨ,ੇ ਨਾ ਕਿ ਲੋਕਾਂ ਦੇ ਹੱਕਾਂ ਲਈ। ਇਹ ਸਾਰੇ ਕਾਂਗਰਸੀ ਜੋ ਭਾਜਪਾ ਵਿਚ ਗਏ ਨੇ, ਅਪਣੇ ਸੁਆਰਥਾਂ ਲਈ ਗਏ ਨੇ। ਕੋਈ ਵੀ ਪੰਜਾਬ ਲਈ ਨਹੀਂ ਗਿਆ।
ਸਵਾਲ - ਪੇਂਡੂ ਵਿਕਾਸ ਫ਼ੰਡ ਪੰਜਾਬ ਲਈ ਬਹੁਤ ਜ਼ਰੂਰੀ ਹੈ। ਤੁਸੀਂ ਕਿਹਾ ਸੀ, ਜੇਕਰ ਕੇਂਦਰ ਨੇ ਪੇਂਡੂ ਵਿਕਾਸ ਫ਼ੰਡ ਦੇ 3 ਹਜ਼ਾਰ ਕਰੋੜ ਜਾਰੀ ਨਹੀਂ ਕੀਤੇ ਤਾਂ ਅਸੀਂ ਸੁਪ੍ਰੀਮ ਕੋਰਟ ਜਾਵਾਂਗੇ। ਇਸ ਬਾਰੇ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ?
ਜਵਾਬ - ਪੇਂਡੂ ਵਿਕਾਸ ਫ਼ੰਡ ਰੋਕਿਆ ਕਿਸ ਨੇ? ਕੇਂਦਰ ਨੇ ਤੇ ਰੁਕਵਾਇਆ ਕਿਸ ਨੇ? ਕੈਪਟਨ ਨੇ। ਉਹ ਪੈਸੇ ਅਪਣੇ ਹਿਤਾਂ ਲਈ ਵਰਤੇ ਲਏ, ਫ਼ਿਰ ਕਹਿੰਦੇ ਨੇ ਖ਼ਜ਼ਾਨਾ ਖਾਲੀ ਹੈ।
ਸਵਾਲ - ਜੋ ਪਾਣੀ ਲਈ ਰਸਤੇ ਕੱਢਣ ਦੀ ਗੱਲ ਚੱਲ ਰਹੀ ਹੈ, ਉਸ ਦੀ ਅਸਲੀਅਤ ਕੀ ਹੈੈ?
ਜਵਾਬ - ਮੈਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਮਿਲੇ। ਉਨ੍ਹਾਂ ਕਿਹਾ ਕਿ ਜਿਹੜਾ ਪਾਣੀ ਹਿਮਾਚਲ ’ਚੋਂ ਆਉਂਦੈ, ਤੁਸੀਂ ਉਸ ਦੀ ਬਿਜਲੀ ਬਣਾਉਂਦੇ ਹੋ। ਉਸ ’ਤੇ ਸਾਨੂੰ ਸੈਸ ਦਿਉ। ਅਸੀਂ ਕਿਹਾ, ਅਸੀਂ ਕਿਉਂ ਦੇਈਏ? ਮੈਂ ਕਿਹਾ- ਜੇ ਅਸੀਂ ਨਾ ਲਈਏ ਪਾਣੀ, ਫਿਰ ਕਿਥੇ ਰੋਕੋਗੇ? ਇਹ ਤਾਂ ਕੁਦਰਤੀ ਵਹਾਅ ਹੈ। ਮੈਂ ਉਨ੍ਹਾਂ ਨੂੰ ਕਿਹਾ ਇਹ ਗੱਲ ਗ਼ਲਤ ਹੈ। ਮੈਂ ਵਿਧਾਨ ਸਭਾ ਵਿਚ ਇਸ ਦਾ ਮੁੱਦਾ ਉਠਾਇਆ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਤੁਸੀਂ ਇੰਚਾਰਜ ਹੋ, ਚੁੱਕੋ ਮੁੱਦਾ। ਹਰਿਆਣਾ ਨੇ ਇਹ ਪਾਸ ਕਰ ਦਿਤਾ ਤੇ ਹੁਣ ਕੇਂਦਰ ਨੇ ਹਿਮਾਚਲ ਸਰਕਾਰ ਨੂੰ ਕਹਿ ਦਿਤਾ ਹੈ ਕਿ ਇਹ ਗ਼ਲਤ ਹੈ। ਜਦੋਂ ਹੜ੍ਹ ਆਉਂਦੇ ਨੇ ਉਦੋਂ ਹਿਮਾਚਲ ਵਾਲੇ ਸਾਰਾ ਪਾਣੀ ਛੱਡ ਦਿੰਦੇ ਨੇ ਕਿ ਮਰੇ ਪੰਜਾਬ। ਜਦੋਂ ਸਾਨੂੰ ਲੋੜ ਹੁੰਦੀ ਹੈ, ਉਦੋਂ ਕਿਊਸਿਕਾਂ ’ਚ ਆ ਜਾਂਦੇ ਹਨ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ। ਹੁਣ ਦੋ ਰਹਿ ਗਏ। ਮੈਂ ਐਸਵਾਈਐਲ ’ਤੇ ਵੀ ਬਹਿਸ ਕੀਤੀ। ਗਜੇਂਦਰ ਸ਼ੇਖ਼ਾਵਤ ਤੇ ਮਨੋਹਰ ਲਾਲ ਖੱਟਰ ਆਏ। ਕਹਿੰਦੇ ਐਸਵਾਈਐਲ ’ਚ ਪਾਣੀ ਲਿਆਉ। ਮੈਂ ਕਿਹਾ ਮੈਂ ਤੁਹਾਨੂੰ ਦੋਵਾਂ ਨੂੰ ਹੈਲੀਕਾਪਟਰ ਵਿਚ ਬਿਠਾਉਂਦਾ ਹਾਂ। ਤੁਹਾਨੂੰ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਫ਼ਾਜ਼ਿਲਕਾ ਤਕ ਲੈ ਕੇ ਜਾਂਦਾ ਹਾਂ। ਤੁਹਾਨੂੰ ਜਿਥੇ ਵੀ ਇਹ ਲੱਗਾ ਕਿ ਇਹ ਦਰਿਆ ਹੈ, ਉਥੋਂ ਪਾਣੀ ਲੈ ਲੈਣਾ। ਸਤਲੁਜ ਵਿਚ ਕਿਥੇ ਹੈ ਪਾਣੀ, ਇਹ ਤਾਂ ਇਕ ਸੂਆ ਬਣ ਗਿਆ ਹੈ। ਸਾਡੇ ਕੋਲ ਨਾ ਤਾਂ ਦਰਿਆਵਾਂ ਵਿਚ ਪਾਣੀ ਰਿਹੈ, ਨਾ ਧਰਤੀ ’ਚ ਹੀ ਰਹਿ ਗਿਐ। ਮੈਂ ਕਿਹਾ ਇਹ ਨਹੀਂ ਹੋ ਸਕਦਾ। ਕਹਿੰਦੇ ਇਹ ਸੁਪ੍ਰੀਮ ਕੋਰਟ ਦਾ ਆਦੇਸ਼ ਹੈ, ਮੈਂ ਕਿਹਾ ਵਿਖਾਉ। ਸੁਪ੍ਰੀਮ ਕੋਰਟ ਨੇ ਕਿਹਾ ਕਿ ਜਾਂ ਤਾਂ ਇਹ ਫ਼ੈਸਲਾ ਕਰ ਲਵੋ ਜਾਂ ਕੋਈ ਹੋਰ ਹੱਲ ਕਰ ਲਵੋ। ਮੈਂ ਕਿਹਾ ਕਿ ਹੋਰ ਹੱਲ ਹੈ, ਕਹਿੰਦੇ ਕੀ? ਮੈਂ ਕਿਹਾ ਜੀ ਇਸ ਦਾ ਨਾਮ ਬਦਲ ਦਵੋ। ਕਹਿੰਦੇ ਕੀ? ਮੈਂ ਕਿਹਾ ਐਸਵਾਈਐਲ ਦੀ ਥਾਂ ਵਾਈਐਸਐਲ ਕਰ ਦੇਵੋ। ਕਹਿੰਦੇ ਇਸ ਨਾਲ ਕੀ ਫ਼ਰਕ ਪਵੇਗਾ। ਮੈਂ ਕਿਹਾ ਐਸਵਾਈਐਲ ਦਾ ਮਤਲਬ ਸਤਲੁਜ-ਯਮੁਨਾ-ਲਿੰਕ ਹੈ। ਇਸ ਨੂੰ ਯਮੁਨਾ-ਸਤਲੁਜ-ਲਿੰਕ ਕਰ ਦੇਵੋ। ਉਧਰੋਂ ਹਰਿਆਣੇ ਨੂੰ ਪਾਣੀ ਦੇ ਦੇਵੋ ਤੇ ਬਾਕੀ ਪਾਣੀ ਸਾਡੇ ਸਤਲੁਜ ’ਚ ਪਾ ਦੇਵੋ। ਜੇ ਯਮੁਨਾ-ਸ਼ਾਰਦਾ ਲੈ ਕੇ ਜਾ ਸਕਦੇ ਹੋ ਤਾਂ ਯਮੁਨਾ-ਕਰਨਾਲ ਨਹੀਂ ਦੇ ਸਕਦੇ? ਪੁਰਾਣੀਆਂ ਸਰਕਾਰਾਂ ਨੇ ਕੰਡੇ ਬੀਜੇ ਹੋਏ ਹਨ। ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ। ਪੰਜਾਬ ਗੁਰੂਆਂ ਦੇ ਨਾਂ ’ਤੇ ਚਲਦਾ ਹੈ। ਪੰਜਾਬ ਵਿਚ ਅਮਨ, ਕਾਨੂੰਨ, ਸ਼ਾਂਤੀ ਬਣਾਈ ਰਖਣਾ ਸਾਡਾ ਫ਼ਰਜ਼ ਹੈ।
ਸਵਾਲ - ਨਵਜੋਤ ਸਿੰਘ ਦੀ ਸੁਰੱਖਿਆ ਘਟਾ ਦਿਤੀ। ਤੁਹਾਡੇ ਤਾਂ ਉਨ੍ਹਾਂ ਨਾਲ ਬਹੁਤ ਪੁਰਾਣੇ ਰਿਸ਼ਤੇ ਹਨ।
ਜਵਾਬ - ਮੈਂ ਫ਼ਿਰ ਕਹਿੰਦਾ ਹਾਂ ਕਿ ਮੇਰੇ ਨਾਲ ਰਿਸ਼ਤਿਆਂ ਦਾ ਮਤਲਬ ਇਹ ਨਹੀਂ ਕਿ ਜ਼ੈੱਡ ਪਲੱਸ ਸੁਰੱਖਿਆ ਮਿਲ ਜਾਵੇਗੀ। ਸੁਰੱਖਿਆ ਦੇਣਾ ਪੁਲਿਸ ਦਾ ਕੰਮ ਹੈ।
ਸਵਾਲ - ਜੇਲਾਂ ਵਿਚ ਗੈਂਗਸਟਰ ਵੱਡੇ ਹੁੰਦੇ ਹਨ। ਉਨ੍ਹਾਂ ਦੀ ਤਾਕਤ ਵਧਦੀ ਹੈ। ਤੁਸੀਂ ਇਸ ਨੂੰ ਕੀ ਸਮਝਦੇ ਹੋ, ਕੀ ਇਸ ਵਿਚ ਸਿਆਸਤ ਹੈ?
ਜਵਾਬ - ਬਹੁਤ ਵੱਡੀ ਸਿਆਸਤ ਹੈ। ਹਰੇਕ ਗੈਂਗਸਟਰ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹੈ। ਕੋਈ ਨਾ ਕੋਈ ਬੰਦਾ ਉਨ੍ਹਾਂ ਨੂੰ ਸ਼ਹਿ ਦਿੰਦਾ ਸੀ। ਜਦੋਂ ਵੋਟਾਂ ਹੁੰਦੀਆਂ ਸਨ, ਉਦੋਂ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ਨੂੰ ਬਾਹਰ ਕੱਢ ਦਿੰਦੇ ਸਨ। ਹੁਣ ਪਹਿਲੀ ਵਾਰ ਹੋ ਰਿਹਾ ਹੈ ਕਿ ਗੈਂਗਸਟਰਾਂ ਦੇ ਸਿਆਸੀ ਬੰਦਿਆਂ ਨਾਲ ਸੰਪਰਕ ਟੁੱਟ ਗਏ ਹਨ। ਹੁਣ ਕਾਨੂੰਨ ਮੁਤਾਬਕ ਉਨ੍ਹਾਂ ’ਤੇ ਕਾਰਵਾਈ ਹੋ ਰਹੀ ਹੈ। ਪੰਜਾਬ ਦੀ ਅਮਨ-ਸ਼ਾਂਤੀ ਵਲ ਜੋ ਕੋਈ ਵੀ ਬੁਰੀ ਨਜ਼ਰ ਨਾਲ ਵੇਖੇਗਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਕੌਮ ਮਿਹਨਤੀ ਹੈ। ਗੁਰੂਆਂ ਨੇ ਸਾਨੂੰ ਜੁਰਮ ਨਾਲ ਲੜਨ ਤੇ ਆਮ ਗ਼ਰੀਬਾਂ ਦੇ ਹੱਕ ਵਿਚ ਖੜਨ ਦਾ ਸੱਦਾ ਦਿਤਾ ਹੈ। ਸਾਡੇ ਪੰਜਾਬ ਦੇ ਲੋਕ ਤਾਂ ਦੂਜਿਆਂ ਦੀ ਮਦਦ ਕਰਨ ਵਾਲੇ ਹਨ। ਸਾਡੇ ਵਿਚ ਕੋਈ ਵੀ ਵੰਡੀਆਂ ਨਹੀਂ ਪਾ ਸਕਦਾ।
ਸਵਾਲ - ਅੰਮ੍ਰਿਤਪਾਲ ਐਨਐਸਏ ਤਹਿਤ ਜੇਲ ਵਿਚ ਬੰਦ ਹੈ। ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ?
ਜਵਾਬ - ਪੰਜਾਬ ਦੀ ਸ਼ਾਂਤੀ ਨੂੰ ਤੋੜਨ ਵਾਸਤੇ ਬਹੁਤ ਸਾਰੀਆਂ ਤਾਕਤਾਂ ਬੈਠੀਆਂ ਹਨ। ਇਹ ਪੰਜਾਬੀ ਹੀ ਹਨ, ਜਿਨ੍ਹਾਂ ਦੇ ਸਿਰ ’ਤੇ ਦੇਸ਼ ਚੱਲ ਰਿਹਾ ਹੈ। ਬਾਰਡਰ ’ਤੇ ਦੇਸ਼ ਦੀ ਰੱਖਿਆ ਲਈ ਲੱਖਾਂ ਪੰਜਾਬੀ ਹਿੱਕਾਂ ਤਾਣੀ ਖੜੇ ਹਨ। ਮੇਰਾ ਇਹ ਫ਼ਰਜ਼ ਹੈ ਕਿ ਮੈਂ ਸੂਬੇ ਦੀ ਸ਼ਾਂਤੀ ਬਣਾ ਕੇ ਰੱਖਾਂ।
ਸਵਾਲ - ਅੰਮ੍ਰਿਤਪਾਲ ਨੇ ਆਤਮ ਸਮਰਪਣ ਕੀਤਾ ਜਾਂ ਫਿਰ?
ਜਵਾਬ - ਸਾਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਪਾਲ ਇਸ ਥਾਂ ’ਤੇ ਹੈ। ਅਸੀਂ ਕਿਹਾ ਕਿ ਪੁਲਿਸ ਵਾਲੇ ਵਰਦੀਆਂ ਵਿਚ ਨਾ ਜਾਣ, ਪਿੰਡ ਵਾਲੇ ਡਰ ਜਾਣਗੇ ਤੇ ਜੇ ਅਸੀਂ ਪਹਿਲਾਂ ਹੀ ਪੁਲਿਸ ਲਗਾ ਦਿਤੀ ਤਾਂ ਫਿਰ ਉਸ ਨੇ ਆਉਣਾ ਨਹੀਂ। ਸਵੇਰੇ ਸਾਢੇ 3 ਵਜੇ ਪਤਾ ਲੱਗਾ ਕਿ ਉਹ ਪਿੰਡ ਆ ਗਿਐ, ਪਰ ਗੁਰੂ ਘਰ ਵਿਚ ਹੈ। ਮੈਂ ਕਿਹਾ ਗੁਰੂ ਘਰ ਵਿਚ ਪੁਲਿਸ ਨਹੀਂ ਜਾਵੇਗੀ। ਉਸ ਨੂੰ ਅੰਦਰ ਸੁਨੇਹਾ ਦੇ ਦੇਵੋ ਵੀ ਬਾਹਰ ਪੁਲਿਸ ਨੇ ਘੇਰਾ ਪਾ ਲਿਆ ਤੇ ਬਾਹਰ ਆ ਕੇ ਆਤਮ ਸਮਰਪਣ ਕਰ ਦੇਵੇ।
ਸਵਾਲ - ਉਹ ਦੱਸ ਕੇ ਨਹੀਂ ਆਇਆ ਸੀ, ਤੁਸੀਂ ਪਤਾ ਕੀਤਾ ਸੀ?
ਜਵਾਬ - ਸਾਡੇ ਕੋਲ ਏਜੰਸੀਆਂ ਦੀ ਖ਼ਬਰ ਸੀ ਕਿ ਉਹ ਇਥੇ ਆ ਸਕਦੈ। ਉਥੇ ਜਾ ਕੇ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਕੋਈ ਪਿੰਡ ਵਿਚ ਰੌਲਾ ਨਹੀਂ ਪਿਆ। ਪੂਰੇ ਆਪਰੇਸ਼ਨ ਵਿਚ ਗੋਲੀ ਨਹੀਂ ਚੱਲੀ, ਕੋਈ ਕਰਫ਼ਿਊ ਨਹੀਂ ਲਗਾਉਣਾ ਪਿਆ, ਕੋਈ ਦੁਕਾਨ ਦਾ ਸ਼ਟਰ ਨਹੀਂ ਲਗਾਉਣਾ ਪਿਆ। ਸਾਰਾ ਕੰਮ ਸ਼ਾਂਤੀ ਨਾਲ ਹੋਇਆ। ਅੰਮ੍ਰਿਤਪਾਲ ਸਮੇਤ 10 ਬੰਦੇ ਸਨ, ਜਿਹੜੇ ਸਾਢੇ 3 ਕਰੋੜ ਲੋਕਾਂ ਦੀ ਸ਼ਾਂਤੀ ਭੰਗ ਕਰ ਰਹੇ ਸਨ।
ਸਵਾਲ - ਐਨਐਸਏ ਲਗਾਉਣਾ ਜ਼ਰੂਰੀ ਸੀ?
ਜਵਾਬ - ਜਦੋਂ ਤੁਸੀਂ ਇਹ ਕਹੋਗੇ ਮੈਂ ਭਾਰਤੀ ਨਹੀਂ, ਮੈਂ ਤਾਂ ਗ਼ੁਲਾਮ ਹਾਂ, ਸਾਡੇ ਕੋਲ ਆਜ਼ਾਦੀ ਨਹੀਂ ਹੈ, ਫਿਰ ਦੱਸੋ, ਕੀ ਅਸੀਂ ਗ਼ਲਤ ਕੀਤਾ?
ਸਵਾਲ - ਮੇਰੀ ਸਾਰੀ ਇਨਕਮ ਫ਼ੇਸਬੁੱਕ ਤੋਂ ਆਉਂਦੀ ਹੈ। ਕੋਈ ਵੀ ਡਾਲਰ ਵਧ ਆ ਜਾਵੇ, ਰੌਲਾ ਪੈ ਜਾਂਦਾ ਹੈ। ਇੰਨਾ ਸਮਾਂ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਆਉਂਦੇ ਰਹੇ, ਪਤਾ ਕਿਉਂ ਨਹੀਂ ਲੱਗਾ?
ਜਵਾਬ - ਸਾਰਾ ਕੁੱਝ ਚੈੱਕ ਕਰ ਰਹੇ ਹਾਂ। ਸਾਰਾ ਹਿਸਾਬ ਲਗਾ ਕੇ ਤੁਹਾਨੂੰ ਦੱਸਾਂਗੇ ਕਿ ਕਿਸੇ ਦੇ ਪੁੱਤ ਦੇ ਹੱਥ ਵਿਚ ਹਥਿਆਰ ਫੜਾ ਕੇ ਉਸ ਦੀ ਕੀ ਕੀਮਤ ਲਗਦੀ ਹੈ। ਇਸ ਆਪਰੇਸ਼ਨ ਨੂੰ ਮਹੀਨਾ ਲੱਗ ਗਿਆ, ਪਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੂਰੇ ਦੇਸ਼ ਵਿਚ ਇਸ ਦੀ ਸ਼ਲਾਘਾ ਹੋਈ ਹੈ।