ਲਗਾਤਾਰ ਵਧ ਰਿਹੈ ਮਾਲਵਾ ਖਿੱਤੇ 'ਚ ਕੈਂਸਰ ਦਾ ਕਹਿਰ
ਕੈਂਸਰ ਵਰਗੀ ਲਾਇਲਾਜ਼ ਬਿਮਾਰੀ ਨੇ ਬਹੁਤ ਗੰਭੀਰ ਰੂਪ ਅਖਤਿਆਰ ਕਰ ਲਿਆ ਹੈ।
ਮਾਨਸਾ: ਹੱਥ 'ਚ ਤਸਵੀਰਾਂ ਲੈ ਕੇ ਬਿਮਾਰ ਬਜ਼ੁਰਗ ਨਾਲ ਮੰਜੇ 'ਤੇ ਬੈਠੀ ਇਹ ਉਹ ਔਰਤ ਹੈ, ਜਿਸ ਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਇਕੋ ਭਿਆਨਕ ਬਿਮਾਰੀ ਖਾ ਗਈ ਤੇ ਉਹ ਭਿਆਨਕ ਤੇ ਲਾਇਲਾਜ਼ ਬਿਮਾਰੀ ਹੈ ਕੈਂਸਰ। ਜੀ ਹਾਂ ਮਾਨਸਾ ਦੇ ਪਿੰਡ ਅਕਲੀਆ ਦੀ ਰਹਿਣ ਵਾਲੀ ਔਰਤ ਮਨਜੀਤ ਕੌਰ ਦੇ ਪਰਿਵਾਰ ਦੇ ਇਹ ਮਾੜੇ ਹਾਲਾਤ ਬਣੇ ਹੋਏ ਨੇ ਕਿ ਪਹਿਲਾਂ ਕੈਂਸਰ ਨੇ ਉਸਦੀ ਸੱਸ ਤੇ ਬਾਅਦ 'ਚ ਉਸਦੇ 2 ਦਿਓਰਾਂ ਨੂੰ ਨਿਗਲ ਲਿਆ।
ਹੁਣ ਮਨਜੀਤ ਕੌਰ ਦੇ ਪਤੀ ਇਸੇ ਬਿਮਾਰੀ ਦਾ ਸ਼ਿਕਾਰ ਹਨ। ਮਨਜੀਤ ਕੌਰ ਨੇ ਆਪਣੀ ਸੱਸ ਤੇ 2 ਦਿਓਰਾਂ ਦੇ ਇਲਾਜ ਲਈ ਜ਼ਮੀਨ ਤੱਕ ਵੇਚ ਦਿਤੀ ਪਰ ਫੇਰ ਵੀ ਉਨ੍ਹਾਂ 'ਚ ਕਿਸੇ ਨੂੰ ਨਾ ਬਚਾਅ ਸਕੀ। ਹੁਣ ਘਰ ਦੇ ਹਾਲਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਮਨਜੀਤ ਕੌਰ ਕੋਲ ਆਪਣੇ ਪਤੀ ਦਾ ਇਲਾਜ ਕਰਵਾਉਣ ਲਈ ਕੁਝ ਨਾ ਬਚਿਆ ਤੇ ਹੁਣ ਮਨਜੀਤ ਕੌਰ ਘਰ 'ਚ ਹੀ ਆਪਣੇ ਪਤੀ ਦੀ ਸੇਵਾ ਕਰਨ ਜੋਗੀ ਰਹਿ ਗਈ ਹੈ।
ਇਸ ਪਿੰਡ 'ਚ ਸਿਰਫ ਮਨਜੀਤ ਕੌਰ ਦੇ ਪਰਿਵਾਰ ਦਾ ਇਹ ਹਾਲ ਨਹੀਂ ਬਲਕਿ ਕਈ ਹੋਰ ਪਰਿਵਾਰਾਂ ਦੇ ਜੀਅ ਵੀ ਕੈਂਸਰ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ। ਪਿੰਡ ਵਾਸੀਆਂ ਨੇ ਇਸ ਬਿਮਾਰੀ ਦਾ ਕਾਰਨ ਗੰਦੇ ਪਾਣੀ ਨੂੰ ਦੱਸਿਆ ਹੈ, ਜਿਸ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਇਸ ਬਾਰੇ ਕਈ ਵਾਰ ਪ੍ਰਸਾਸ਼ਨ ਨੂੰ ਧਿਆਨ ਦੇਣ ਦੀ ਅਪੀਲ ਵੀ ਕੀਤੀ ਪਰ ਪ੍ਰਸਾਸ਼ਨ ਇਸ ਗੱਲ 'ਤੇ ਕੋਈ ਗੌਰ ਨਹੀਂ ਫਰਮਾਇਆ ਜਾ ਰਿਹਾ।
ਦਸ ਦਈਏ ਕਿ ਕੈਂਸਰ ਵਰਗੀ ਲਾਇਲਾਜ਼ ਬਿਮਾਰੀ ਨੇ ਬਹੁਤ ਗੰਭੀਰ ਰੂਪ ਅਖਤਿਆਰ ਕਰ ਲਿਆ ਹੈ। ਅੰਕੜਿਆਂ ਮੁਤਾਬਕ ਪੰਜਾਬ ਸੂਬੇ ਅੰਦਰ ਪ੍ਰਤੀ ਦਿਨ ਕੈਂਸਰ ਨਾਲ 30 ਮੌਤਾਂ ਹੁੰਦੀਆਂ ਹਨ, ਭਾਵ ਹਰੇਕ ਚਾਰ ਘੰਟਿਆਂ ਚ ਪੰਜ ਮੌਤਾਂ ਕੈਂਸਰ ਦੀ ਵਜਾਹ ਨਾਲ ਪੰਜਾਬ ਅੰਦਰ ਹੋ ਜਾਂਦੀਆਂ ਹਨ। ਦਸਣਯੋਗ ਹੈ ਕਿ ਪੰਜਾਬ ਸੂਬੇ ਦੇ ਮਾਲਵਾ ਇਲਾਕੇ ‘ਚ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਬਦਤਰ ਹਨ। ਮਾਲਵਾ ਖਿੱਤੇ ਨੂੰ ‘ਕੈਂਸਰ ਪੱਟੀ’ ਹੀ ਕਿਹਾ ਜਾਣ ਲੱਗ ਪਿਆ ਹੈ।
ਸੋ ਲੋੜ ਹੈ ਪਿੰਡਾਂ ਦੀ ਪੰਚਾਇਤਾਂ ਨੂੰ ਤੇ ਸੂਬੇ ਦੀ ਸਰਕਾਰ ਨੂੰ ਇਹਨਾਂ ਅੰਕੜਿਆਂ 'ਤੇ ਧਿਆਨ ਦੇਣ ਦੀ ਤੇ ਆਪਣੀਆਂ ਅੱਖਾਂ ਸਾਹਮਣੇ ਇਕ ਤੋਂ ਬਾਅਦ ਇਕ ਜੀਅ ਤੁਰਦੇ ਵੇਖਣ ਵਾਲੇ ਮਨਜੀਤ ਕੌਰ ਵਰਗੇ ਪੀੜਿਤ ਪਰਿਵਾਰਾਂ ਦੀ ਲੋੜੀਂਦੀ ਮਦਦ ਕਰਨ ਦੀ ਤਾਂ ਜੋ ਇਹਨਾਂ ਪਰਿਵਾਰਾਂ ਦੀ ਕੋਈ ਸਹਾਇਤਾ ਹੋ ਸਕੇ।