ਦਰਿਆਵੀ ਪਾਣੀਆਂ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਕੇਂਦਰ ਬਣਾਵੇਗੀ ਨੀਤੀ : ਮੇਘਵਾਲ
ਵਾਟਰ ਰਿਸੋਰਸ, ਰਿਵਰ ਡਿਵੈਲਪਮੈਂਟ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਦਰਿਆਵਾਂ ਦੇ ਪਾਣੀਆਂ ਨੂੰ ...
ਬਟਾਲਾ : ਵਾਟਰ ਰਿਸੋਰਸ, ਰਿਵਰ ਡਿਵੈਲਪਮੈਂਟ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਦਰਿਆਵਾਂ ਦੇ ਪਾਣੀਆਂ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਵਲੋਂ ਇਕ ਅਜਿਹੀ ਠੋਸ ਨੀਤੀ ਬਣਾਈ ਜਾਵੇਗੀ ਤਾਂ ਜੋ ਭਵਿੱਖ ਵਿਚ ਬਿਆਸ ਦਰਿਆ ਦੇ ਪਾਣੀ ਦੂਸ਼ਿਤ ਹੋਣ ਵਰਗੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ।
ਇਹ ਪ੍ਰਗਟਾਵਾ ਉਨ੍ਹਾਂ ਅੱਜ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਕੇਂਦਰੀ ਰਾਜ ਮੰਤਰੀ ਸ੍ਰੀ ਮੇਘਵਾਲ ਨੇ ਇਸ ਤੋਂ ਪਹਿਲਾਂ ਚੱਢਾ ਸ਼ੂਗਰ ਮਿੱਲ ਦੇ ਉਸ ਸਥਾਨ ਦਾ ਨਿਰੀਖਣ ਕੀਤਾ ਜਿਥੋਂ ਸੀਰਾ ਉਭਾਲ ਖਾ ਕੇ ਦਰਿਆ ਬਿਆਸ ਵਿਚ ਗਿਆ ਸੀ।
ਇਸ ਮੌਕੇ ਉਨ੍ਹਾਂ ਮਿੱਲ ਕੰਪਲੈਕਸ ਵਿਚ ਸੈਂਟਰਲ ਵਾਟਰ ਕਮਿਸ਼ਨ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਿੱਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸ਼ੂਗਰ ਮਿੱਲ ਵਿਰੁਧ ਸਖ਼ਤ ਕਦਮ ਚੁਕੇ ਹਨ ਅਤੇ ਜਾਂਚ ਰੀਪੋਰਟ ਆਉਣ 'ਤੇ ਜੋ ਵੀ ਖਾਮੀਆਂ ਸਾਹਮਣੇ ਆਉਣਗੀਆਂ ਉਸ ਤਹਿਤ ਕੇਂਦਰ ਸਰਕਾਰ ਵਲੋਂ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਅਪਣੇ ਇਸ ਦੌਰੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਬੀਤੇ ਦਿਨੀ ਜੋ ਸੀਰਾ ਰਿਸਾਵ ਹੋਈ ਘਟਨਾ ਹੋਈ ਸੀ
ਉਸ ਘਟਨਾ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਬਹੁਤ ਛੇਤੀ ਇਕ ਰੀਜ਼ਨਲ ਕਾਨਫ਼ਰੰਸ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਸ੍ਰੀ ਰਮਨ ਕੋਛੜ, ਐਸ.ਪੀ. ਸੂਬਾ ਸਿੰਘ, ਤਹਿਸੀਲਦਾਰ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।