ਅਕਾਲ ਤਖ਼ਤ ਪੁੱਜੇ ਦਲ ਖ਼ਾਲਸਾ ਦੇ ਆਗੂਆਂ ਨੇ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘੱਲੂਘਾਰੇ ਨੂੰ ਸਮਰਪਤ ਮਾਰਚ 

akal Takat

ਅੰਮ੍ਰਿਤਸਰ, 6  ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝ ਕੇ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ’ਚ ਅੱਜ ਅੰਮ੍ਰਿਤਸਰ ਵਿਖੇ ਸੰਕੇਤਕ ਰੂਪ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ। 

ਜ਼ਿਕਰਯੋਗ ਹੈ ਕਿ 2005 ਤੋਂ ਹੀ ਦਲ ਖ਼ਾਲਸਾ ਵਲੋਂ ਹਰ ਸਾਲ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ।  ਪਾਰਟੀ ਦੇ ਪੰਜ ਅਹੁਦੇਦਾਰ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਤੋਂ ਚੱਲ ਕੇ ਅਕਾਲ ਤਖ਼ਤ ਸਾਹਿਬ ਤਕ ਗਏ ਜਿਥੇ ਉਨ੍ਹਾਂ ਨੇ ਸ਼ਹੀਦਾਂ ਨਮਿੱਤ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

ਪੰਜਾਂ ਆਗੂਆਂ ਜਿਨ੍ਹਾਂ ਵਿਚ ਭਾਈ ਚੀਮਾ ਤੋਂ ਇਲਾਵਾ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਟਾਂਡਾ, ਪਰਮਜੀਤ ਸਿੰਘ ਮੰਡ ਸ਼ਾਮਿਲ ਸਨ, ਨੇ ਹੱਥਾਂ ਵਿਚ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਖ਼ਾਲਸਾਈ ਝੰਡਾ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਖ਼ਾਲਿਸਤਾਨ ਪੱਖੀ ਨਾਹਰੇ ਲਿਖੇ ਹੋਏ ਸਨ। 

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਜਿਲ੍ਹਾ ਪ੍ਰਸ਼ਾਸਨ ਰਾਹੀਂ ਕੋਰੋਨਾ ਵਾਇਰਸ ਦੀ ਆੜ ਅਤੇ ਤਾਲਾਬੰਦੀ ਨਿਯਮਾਂ ਨੂੰ ਆਧਾਰ ਬਣਾ ਕੇ ਘੱਲੂਘਾਰਾ ਯਾਦਗਾਰੀ ਮਾਰਚ ’ਤੇ ਰੋਕ ਲਾ ਦਿਤੀ ਸੀ ਜਿਸ ਕਾਰਨ ਉਨ੍ਹਾਂ ਨੇ ਸ਼ਹੀਦਾਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰਦਿਆਂ ਸੰਕੇਤਕ ਤੌਰ ’ਤੇ ਹੀ ਇਹ ਮਾਰਚ ਕਢਿਆ ਹੈ।  ਇਸ ਮੌਕੇ ਰਣਵੀਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਹਰਮਿੰਦਰ ਸਿੰਘ ਹਰਮੋਏ, ਰਣਜੀਤ ਸਿੰਘ ਦਮਦਮੀ ਟਕਸਾਲ ਹਾਜ਼ਰ ਸਨ।