ਪੰਜਾਬ ਅਤੇ ਪੰਜਾਬੀਆਂ ਨਾਲ ਫ਼ਰੇਬ ਹੈ ਸ਼ਰਾਬ ਦੇ ਮੁੱਦੇ ’ਤੇ ਗਠਤ ਕੀਤੀ ਸਿੱਟ :ਚੀਮਾ
ਸ਼ਰਾਬ ਮਾਫ਼ੀਆ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਬਾਰੇ ਕਿਉਂ ਨਹੀਂ ਬੋਲਦੇ ਬਾਦਲ?
ਚੰਡੀਗੜ੍ਹ, 6 ਜੂਨ (ਨੀਲ ਭÇਲੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਕਲੀ ਸ਼ਰਾਬ ਫ਼ੈਕਟਰੀਆਂ ਅਤੇ ਸ਼ਰਾਬ ਦੀ ਤਸਕਰੀ ਦੀ ਜਾਂਚ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਗਠਿਤ ਕੀਤੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ‘ਸਰਕਾਰੀਆ ਕਲੀਨਚਿੱਟ ਸਿੱਟ’ ਦੱਸ ਕੇ ਰੱਦ ਕਰ ਦਿਤਾ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀਆ ਦੀ ਅਗਵਾਈ ਵਾਲੀ ਸਿੱਟ ਅਸਲ ’ਚ ਸਰਕਾਰੀ ਸਰਪ੍ਰਸਤੀ ਹੇਠ ਚਲ ਰਹੇ ਸ਼ਰਾਬ ਮਾਫ਼ੀਆ ਨੂੰ ਬਚਾਉਣ ਅਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਸੋਚੀ-ਸਮਝੀ ਸਾਜ਼ਸ਼ ਹੈ, ਪ੍ਰੰਤੂ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਅਜਿਹੇ ਸਾਰੇ ਧੋਖਿਆਂ ਬਾਰੇ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਕਰਨ ਲਈ ਘਰ-ਘਰ ਦਾ ਦਰਵਾਜ਼ਾ ਖੜਕਾਏਗੀ।
ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਕਿ ਅਰਬਾਂ ਰੁਪਏ ਦੇ ਇਸ ਸ਼ਰਾਬ ਮਾਫ਼ੀਆ ਮੂਹਰੇ ਮੰਤਰੀ ਕਿਹੜੇ ਬਾਗ਼ ਦੀ ਮੂਲੀ ਹੈ? ਜਿਸ ਸ਼ਰਾਬ ਮਾਫ਼ੀਆ ਨੂੰ ਸੂਬੇ ਦਾ ਮੁੱਖ ਮੰਤਰੀ (ਜਿਸ ਕੋਲ ਆਬਕਾਰੀ ਮਹਿਕਮਾ ਹੈ) ਖ਼ੁਦ ਚਲਾ ਰਿਹਾ ਹੋਵੇ, ਉਸ ਦੀ ਇਕ ਮੰਤਰੀ ਕਿਵੇਂ ਨਿਰਪੱਖ ਜਾਂਚ ਕਰ ਸਕੇਗਾ? ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਜਾਇਜ਼ ਸ਼ਰਾਬ ਦੇ ਮਾਮਲੇ ’ਚ ਖ਼ੁਦ ਪਾਕ-ਸਾਫ਼ ਹੁੰਦੇ ਤਾਂ ਆਮ ਆਦਮੀ ਪਾਰਟੀ ਦੀ ਮੰਗ ਅਨੁਸਾਰ ਬੇਝਿਜਕ ਹੋ ਕੇ ਮਾਨਯੋਗ ਹਾਈ ਕੋਰਟ ਦੀ ਨਿਗਰਾਨੀ ਹੇਠ ਜੱਜਾਂ ਦੀ ਅਗਵਾਈ ਵਾਲਾ ਨਿਆਇਕ ਜਾਂਚ ਕਮਿਸ਼ਨ ਗਠਿਤ ਕਰਦੇ, ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ, ਕਿਉਂਕਿ ਮੁੱਖ ਮੰਤਰੀ ਖ਼ੁਦ ਸ਼ਰਾਬ ਮਾਫ਼ੀਆ ਦਾ ਹਿੱਸਾ ਹਨ।
ਹਰਪਾਲ ਸਿੰਘ ਚੀਮਾ ਨੇ ਬਾਦਲਾਂ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਰਾਬ ਮਾਫ਼ੀਆ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਇਕ ਵੀ ਸ਼ਬਦ ਕਿਉਂ ਨਹੀਂ ਬੋਲਦੇ? ਚੀਮਾ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟ ਰਹੇ ਹਨ। ਹੁਣ ਤੱਕ ਗਠਿਤ ਹੋਈਆਂ ਸਾਰੀਆਂ ਸਿਟਾਂ ਅਤੇ ਜਾਂਚ ਕਮਿਸ਼ਨਾਂ ਰਾਹੀਂ ਕੈਪਟਨ ਅਤੇ ਬਾਦਲਾਂ ਨੇ ਇੱਕ-ਦੂਸਰੇ ਨੂੰ ਕਲੀਨ ਚਿਟਾਂ ਹੀ ਵੰਡੀਆਂ ਹਨ ਜਾਂ ਫਿਰ ਸਿੱਟ ਦੀ ਆੜ ‘ਚ ਮਾਮਲਿਆਂ ਨੂੰ ਲਟਕਾ ਕੇ ਇੱਕ ਦੂਜੇ ਦਾ ਬਚਾਅ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਸ਼ਰਾਬ ਤਸਕਰੀ ਸਮੇਤ ਹਰ ਤਰਾਂ ਦੇ ਮਾਫ਼ੀਆ ਨਾਲ ਨਜਿੱਠਣ ਲਈ ਪੰਜਾਬ ਪੁਲਸ ਦੀ ਭੂਮਿਕਾ ‘ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਅਤੇ ਬਾਦਲਾਂ ਨੇ ਪੰਜਾਬ ਪੁਲਸ ਦਾ ਸਿਆਸੀਕਰਨ ਕਰਕੇ ਸਮੁੱਚੀ ਕਾਨੂੰਨ ਵਿਵਸਥਾ ਹੀ ਬਰਬਾਦ ਕਰ ਦਿੱਤੀ ਹੈ।