ਖ਼ਾਲਿਸਤਾਨ ਬਾਰੇ ਬਿਆਨ 'ਤੇ ਗਰਮ ਦਲੀਏ ਜਥੇਦਾਰ ਦੇ ਹੱਕ ਵਿਚ ਨਿਤਰੇ
ਵਿਰੋਧੀ ਧਿਰ ਨੇ ਗਿਆਨੀ ਹਰਪ੍ਰੀਤ ਸਿਘ ਨੂੰ ਨਿਸ਼ਾਨੇ 'ਤੇ ਲਿਆ
ਅੰਮ੍ਰਿਤਸਰ 6 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲਿਸਤਾਨ ਦੇ ਬਿਆਨ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੁਰੀ ਤਰ੍ਹਾਂ ਫਸ ਗਏ ਹਨ। ਇਸ ਬਿਆਨ ਤੋਂ ਬਾਅਦ ਗਰਮ ਦਲ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਉਤਰ ਆਏ ਹਨ ਜਦੋ ਕਿ ਵਿਰੋਧੀ ਧਿਰ ਨੇ ਜਥੇਦਾਰ ਹਰਪ੍ਰੀਤ ਸਿਘ ਨੂੰ ਨਿਸ਼ਾਨੇ 'ਤੇ ਲਿਆ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ ਜੋ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਹੈ। ਸਿੱਖ ਹਲਕਿਆਂ ਅਨੁਸਾਰ ਮੌਜੂਦਾ ਹਲਾਤਾਂ 'ਚ ਜਥੇਦਾਰ ਸਿੱਖ ਕੌਮ ਦੇ ਹੀਰੋ ਬਣ ਸਕਦੇ ਹਨ ਜਾਂ ਫਿਰ ਅਕਾਲੀ ਦਲ ਬਾਦਲ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰ ਸਕਦਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ ਨੇ ਦੇਸ਼ ਵਿਦੇਸ਼ 'ਚ ਨਵੀਂ ਚਰਚਾ ਛੇੜ ਦਿਤੀ ਹੈ। ਰਾਜਸੀ ਮਾਹਰਾਂ ਮੁਤਾਬਕ ਦਰਬਾਰ ਸਾਹਿਬ 'ਤੇ ਜੂਨ 1984 'ਚ ਫ਼ੌਜੀ ਹਮਲੇ ਬਾਅਦ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਇਕ ਅਰਦਾਸ ਸਮਾਗਮ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਹੈ, ਜਿਸ ਨੂੰ ਭਾਰਤੀ ਸੈਨਾ ਨੇ ਤੋਪਾਂ ਨਾਲ ਉਡਾ ਦਿਤਾ ਸੀ। ਇਸ ਅਰਦਾਸ ਸਮਾਗਮ 'ਚ ਗਰਮ ਪੱਖੀ ਸੰਗਠਨ ਬੜੇ ਉਤਸ਼ਾਹ ਨਾਲ ਪੀੜਤ ਪ੍ਰਵਾਰਾਂ ਸਮੇਤ ਪੁੱਜਦੇ ਹਨ। ਇਸ ਦਿਨ ਕਈ ਵਾਰੀ ਟਾਸਕ ਫੋਰਸ ਤੇ ਗਰਮ ਦਲੀਆਂ ਨਾਲ ਹਿੰਸਕ ਝੜਪਾਂ ਹੋ ਚੁੱਕੀਆਂ ਹਨ, ਜਿਸ ਦਾ ਇਕ ਕਾਰਨ ਖ਼ਾਲਿਸਤਾਨੀ ਪੱਖੀ ਨਾਅਰਿਆਂ ਦਾ ਗੁੰਜਣਾ ਵੀ ਹੈ।
ਦੂਸਰੇ ਪਾਸੇ ਬਾਦਲ ਪੱਖੀ ਲੀਡਰਸ਼ਿਪ ਬਿਨਾਂ ਕਿਸੇ ਪੁਲਿਸ ਟਕਰਾਅ ਦੇ ਸ੍ਰੀ ਅਕਾਲ ਤਖ਼ਤ ਸਹਿਬ 'ਤੇ ਪੁੱਜ ਜਾਂਦੀ ਹੈ। ਗਰਮ ਦਲੀਆਂ ਦਾ ਦੋਸ਼ ਹੈ ਕਿ ਵਿਰੋਧੀ ਧਿਰ ਦਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਹੋਣ ਕਰ ਕੇ ਉਹ ਅਪਣੇ ਵਿਚਾਰ ਪੇਸ਼ ਕਰਨ ਤੋਂ ਅਸਮਰੱਥ ਰਹਿੰਦੇ ਹਨ। ਅੱਜ ਬੜੇ ਤਣਾਅ ਭਰੇ ਮਾਹੌਲ 'ਚ ਗਰਮ ਦਲੀਆਂ ਵਲੋਂ ਖ਼ਾਲਿਸਤਾਨ ਦੇ ਨਾਅਰੇ ਲਾਏ ਗਏ।
ਅਰਦਾਸ ਸਮਾਗਮ ਉਪਰੰਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰਕਾਰ ਸੰਮਲੇਨ 'ਚ ਅਚਾਨਕ ਖ਼ਾਲਿਸਤਾਨ ਬਾਰੇ ਮੀਡੀਆ ਨੇ ਸਵਾਲ ਪੁੱਛਿਆ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਹਾਮੀਂ ਭਰ ਦਿਤੀ ਜੋ ਮੀਡੀਆ 'ਚ ਆਉਣ ਉਪਰੰਤ ਵਿਰੋਧੀ ਧਿਰ ਨੂੰ ਅਹਿਮ ਮੁੱਦਾ ਮਿਲ ਗਿਆ, ਜਿਸ ਕਾਰਨ ਜਥੇਦਾਰ ਤੇ ਪ੍ਰਧਾਨ ਬੁਰੀ ਤਰ੍ਹਾਂ ਫਸ ਗਏ ਹਨ। ਸਿਆਸੀ ਤੇ ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਹੁਣ ਉਹ ਜਾਂ ਤਾਂ ਹੀਰੋ ਬਣਨਗੇ ਜਾਂ ਫਿਰ ਅਸਤੀਫ਼ੇ ਦੇਣ ਲਈ ਮਜ਼ਬੂਰ ਹੋਣਗੇ।