ਕੇਂਦਰ ਸਰਕਾਰ ਨੇ ਕੋਰੋਨਾ ਕਾਰਨ ਸਿੱਧੀ ਰਾਹਤ ਨਾ ਦੇ ਕੇ ਦੇਸ਼ ਵਾਸੀਆਂ ਨਾਲ ਧ੍ਰੋਹ ਕਮਾਇਆ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨੇ ਕੋਰੋਨਾ ਕਾਰਨ ਸਿੱਧੀ ਰਾਹਤ ਨਾ ਦੇ ਕੇ ਦੇਸ਼ ਵਾਸੀਆਂ ਨਾਲ ਧ੍ਰੋਹ ਕਮਾਇਆ : ਧਰਮਸੋਤ

1

ਚੰਡੀਗੜ੍ਹ, 7 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਕੋਰੋਨਾ ਵਾਇਰਸ ਦੇ ਚੱਲਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕੋਈ ਵੀ ਸਿੱਧੀ ਰਾਹਤ ਨਾ ਦੇ ਕੇ ਦੇਸ਼ ਵਾਸੀਆਂ ਤੋਂ ਪੂਰੀ ਤਰ੍ਹਾਂ ਨਾਲ ਮੂੰਹ ਮੋੜ ਕੇ ਧ੍ਰੋਹ ਕਮਾਇਆ ਹੈ, ਜਿਸ ਕਰਕੇ ਅੱਜ ਦੇਸ਼ ਦੇ ਛੋਟੇ ਵੱਡੇ ਸਾਰੇ ਕਾਰੋਬਾਰ ਤਬਾਹ ਹੋ ਕੇ ਰਹਿ ਗਏ ਹਨ ਅਤੇ ਲੋਕ ਬੁਰੀ ਤਰ੍ਹਾਂ ਨਾਲ ਕਰਜੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਕਰਜਿਆਂ 'ਚੋਂ ਕੱਢਣ ਦੀ ਬਜਾਏ ਕੋਰੋਨਾ ਮਹਾਂਮਾਰੀ ਤੋਂ ਰਾਹਤ ਦੇ ਨਾਂ 'ਤੇ ਮੁੜ ਹੋਰ ਕਰਜੇ ਹੀ ਲੋਕਾਂ ਦੀ ਝੋਲੀ ਵਿਚ ਪਾਉਣ ਦਾ ਪੈਕੇਜ ਐਲਾਣਿਆਂ ਹੈ। ਪਰ ਇਸ ਸਭ ਦੇ ਬਾਵਜੂਦ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਦਿੱਤੀ ਗਈ ਹੈ। ਜੋ ਸੂਬੇ ਦੇ ਕਿਸੇ ਵੀ ਵਾਸ਼ਿੰਦੇ ਤੋਂ ਲੁਕੀ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ ਗਿਆ।


          ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸੰਕਟ ਦੀ ਘੜੀ ਦੌਰਾਨ ਜਿੱਥੇ ਗਰੀਬ ਤੇ ਲੋੜਵੰਦ ਨੂੰ 15 ਲੱਖ ਤੋਂ ਵੀ ਵਧੇਰੇ ਰਾਸ਼ਨ ਕਿੱਟਾਂ ਵੰਡ ਕੇ ਕਿਸੇ ਨੂੰ ਭੁੱਖੇ ਪੇਟ ਸੋਣ ਨਹੀਂ ਦਿੱਤਾ ਗਿਆ, ਉਥੇ ਹੀ ਰਜਿਸਟਰਡ ਕਿਰਤੀਆਂ ਨੂੰ ਦੋ ਵਾਰ ਪ੍ਰਤੀ ਮਹੀਨੇ 3000-3000 ਦੇ ਹਿਸਾਬ ਨਾਲ 3.18 ਲੱਖ ਲਾਭਪਾਤਰੀਆਂ ਨੂੰ 192 ਕਰੋੜ ਦੀ ਰਾਸ਼ੀ ਵੰਡੀ ਗਈ। ਇਸ ਤੋਂ ਇਲਾਵਾ ਸਾਰੇ ਪੈਨਸ਼ਨ ਧਾਰਕਾਂ ਦੇ ਖਾਤਿਆਂ ਵਿਚ ਸਮੇਂ ਤੋਂ ਪਹਿਲਾਂ ਹੀ ਪੈਨਸ਼ਨਾਂ ਦੀ ਰਾਸ਼ੀ ਭੇਜੀ ਗਈ। ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀਆਂ ਨੂੰ ਵੀ ਪੈਦਲ ਆਪਣੇ ਘਰ ਨਹੀਂ ਜਾਣ ਦਿੱਤਾ, ਉਨ੍ਹਾਂ ਨੇ 300 ਤੋਂ ਵੀ ਵਧੇਰੇ ਟਰੇਨਾਂ ਰਾਹੀ 35 ਕਰੋੜ ਰੁਪਏ ਖਰਚ ਕੇ 4.50 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਵੱਖ-ਵੱਖ ਸੂਬਿਆਂ ਵਿਚ ਆਪਣੇ ਘਰਾਂ ਤੱਕ ਪਹੁੰਚਾਇਆ। ਇਸ ਦੌਰਾਨ ਉਨ੍ਹਾਂ ਨੂੰ ਖਾਣਾ ਅਤੇ ਹੋਰ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਜਦੋਂ ਕਿ ਇਨ੍ਹਾਂ ਦੀਆਂ ਟਿਕਟਾਂ ਦਾ ਖਰਚਾ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਨੇ ਮੋਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ।