ਮੈਡੀਕਲ ਸਿਖਿਆ ਵਿਚ 77 ਫ਼ੀ ਸਦੀ ਫ਼ੀਸਾਂ ਦੇ ਕੀਤੇ ਵਾਧੇ ਨੂੰ ਵਾਪਸ ਲਵੇ ਸਰਕਾਰ: ਮਲਕੀਤ ਥਿੰਦ

ਏਜੰਸੀ

ਖ਼ਬਰਾਂ, ਪੰਜਾਬ

ਮੈਡੀਕਲ ਸਿਖਿਆ ਵਿਚ 77 ਫ਼ੀ ਸਦੀ ਫ਼ੀਸਾਂ ਦੇ ਕੀਤੇ ਵਾਧੇ ਨੂੰ ਵਾਪਸ ਲਵੇ ਸਰਕਾਰ: ਮਲਕੀਤ ਥਿੰਦ

1

ਗੁਰੂਹਰਸਹਾਏ, 7 ਜੂਨ (ਮਨਜੀਤ ਸਾਉਣਾ): ਇਕ ਪਾਸੇ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰ ਕੇ ਆਰਥਕ ਸੰਕਟ ਵਿਚੋਂ ਗੁਜ਼ਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਦੀ  ਮੌਜੂਦਾ ਕਾਂਗਰਸ ਸਰਕਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਕਿਉਂਕਿ ਪੰਜਾਬ ਵਿਚ ਮੈਡੀਕਲ ਫ਼ੀਸਾਂ ਵਿਚ 77 ਪ੍ਰਤੀਸ਼ਤ ਬੜੋਤਰੀ ਕਰ ਕੇ ਕਾਂਗਰਸ  ਸਰਕਾਰ ਨੇ ਗ਼ੈਰ ਜ਼ਿੰਮੇਵਾਰਾਨਾ ਕੰਮ ਕੀਤਾ ਹੈ। ਮੈਡੀਕਲ ਸਿਖਿਆ ਪ੍ਰਾਪਤ ਕਰ ਰਹੇ ਜਾਂ ਕਰਨ ਜਾ ਰਹੇ ਬੱਚਿਆਂ ਅਤੇ ਮਾਪਿਆਂ ਉਤੇ ਪਾਇਆ ਗਿਆ ਵੱਡਾ ਬੋਝ ਕਾਂਗਰਸ ਸਰਕਾਰ ਵਾਪਸ ਲਵੇ।  ਇਸ ਗੱਲ ਦਾ ਪ੍ਰਗਟਾਵਾ ਮਲਕੀਤ ਥਿੰਦ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰੂ ਹਰਸਹਾਏ ਵਲੋਂ ਪ੍ਰੈੱਸ ਨਾਲ ਗੱਲ ਸਾਂਝੀ ਕਰਦਿਆਂ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਫ਼ੀਸਾਂ ਵਿਚ ਕੀਤੇ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਆਮ ਵਰਗ ਅਤੇ ਗ਼ਰੀਬ ਵਰਗ ਦੇ ਬੱਚਿਆਂ ਲਈ ਮੈਡੀਕਲ ਸਿਖਿਆ ਦੀ ਡਿਗਰੀ ਕਰਨਾ ਇਕ ਸੁਪਨੇ ਵਰਗੀ ਗੱਲ ਹੋ ਜਾਏਗੀ।  ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਬੱਚਿਆਂ ਨੂੰ ਅਪਣੀ ਜ਼ਿੰਮੇਵਾਰੀ ਤੇ ਵੱਡੇ-ਵੱਡੇ ਲੋਨ ਕਰਵਾ ਕੇ ਮੈਡੀਕਲ ਅਤੇ ਹਰ ਤਰ੍ਹਾਂ ਦੀ ਉੱਚ ਸਿਖਿਆ ਪ੍ਰਾਪਤ ਕਰਨ ਲਈ ਮਦਦ ਕਰ ਰਹੀ ਹੈ ਪਰ ਦੂਜੇ ਪਾਸੇ ਇਹ ਰਵਾਇਤੀ ਪਾਰਟੀਆਂ ਆਮ ਲੋਕਾਂ ਨੂੰ ਵੱਢ-ਵੱਢ ਖਾਣ ਵਾਲੀ ਗੱਲ ਕਰ ਰਹੀਆਂ ਹਨ।


   ਆਪ ਆਗੂ ਥਿੰਦ ਨੇ ਕਿਹਾ ਕਿ ਸਾਡੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਅਮਨ ਅਰੋੜਾ, ਮੀਤ ਹੇਅਰ ਅਤੇ ਹੋਰ ਸੀਨੀਅਰ ਆਗੂ ਇਹ ਮੁੱਦਾ ਪਹਿਲੇ ਹੀ ਸਰਕਾਰ ਦੇ ਨੋਟਿਸ ਵਿਚ ਲਿਆ ਚੁੱਕੇ ਹਨ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ  ਜੇਕਰ ਸਰਕਾਰ ਨੇ ਵਧਾਈਆਂ  ਫ਼ੀਸਾਂ ਵਾਪਸ ਨਾ ਲਈਆਂ ਤਾਂ ਪਾਰਟੀ ਦੇ ਹੁਕਮਾਂ ਅਨੁਸਾਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।