ਪੰਜਾਬ ’ਚ ਕੋਰੋਨਾ ਦੇ ਅੱਜ ਆਏ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ : ਚਾਰ ਨਵੇਂ ਕੇਸ ਮਿਲੇ

File Photo

ਪਠਾਨਕੋਟ : ਚਾਰ ਨਵੇਂ ਕੇਸ ਮਿਲੇ
ਪਠਾਨਕੋਟ, 6 ਜੂਨ (ਤਜਿੰਦਰ ਸਿੰਘ) : ਪਠਾਨਕੋਟ ’ਚ ਇਕ ਗਰਭਵਤੀ ਔਰਤ ਸਮੇਤ 4 ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨ 189 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਸਨ ਜਿਨ੍ਹਾਂ ਵਿਚੋਂ 185 ਲੋਕ ਕੋਰੋਨਾ ਨੈਗੇਟਿਵ ਹਨ ਅਤੇ 4 ਲੋਕ ਕੋਰੋਨਾ ਪਾਜ਼ੇਟਿਵ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 86 ਹੋ ਗਈ ਹੈ।
 

ਫ਼ਰੀਦਕੋਟ : ਦੋ ਹੋਰ ਕੋਰੋਨਾ ਪੀੜਤ ਮਿਲੇ 
ਕੋਟਕਪੂਰਾ, 6 ਜੂਨ (ਗੁਰਿੰਦਰ ਸਿੰਘ) : ਫ਼ਰੀਦਕੋਟ ਜ਼ਿਲਾ ਕੋਰੋਨਾ ਮੁਕਤ ਹੁੰਦਾ-ਹੁੰਦਾ ਰਹਿ ਗਿਆ, ਕਿਉਂਕਿ ਅੱਜ ਫਿਰ ਦੋ ਹੋਰ ਕੋਰੋਨਾ ਤੋਂ ਪੀੜਤ ਮਰੀਜ ਸਾਹਮਣੇ ਆਉਣ ਨਾਲ ਕੁੱਲ ਮਰੀਜਾਂ ਦੀ ਗਿਣਤੀ 7 ਹੋ ਗਈ ਹੈ। ਸਥਾਨਕ ਸਿਟੀ ਥਾਣੇ ’ਚ ਤੈਨਾਤ ਇਕ ਏਐਸਆਈ ਚਮਕੌਰ ਸਿੰਘ ਢੁੱਡੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਿਹਤ ਵਿਭਾਗ ਨੇ ਉਸ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਆਰੰਭ ਦਿਤੀ ਹੈ। ਇਸੇ ਤਰਾਂ ਨੇੜਲੇ ਪਿੰਡ ਟਹਿਣਾ ਦੀ ਵਸਨੀਕ ਇਕ ਔਰਤ ਨੂੰ ਬੁਖਾਰ ਦੀ ਸ਼ਿਕਾਇਤ ਸੀ ਤੇ ਸੈਂਪਲਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਪਾਈ ਗਈ। 
 

ਬਰਨਾਲਾ : ਪੁਲਿਸ ਕਾਂਸਟੇਬਲ ਪਾਜ਼ੇਟਿਵ
ਮਹਿਲ ਕਲਾਂ, 6 ਜੂਨ (ਜਗਦੇਵ ਸਿੰਘ ਸੇਖੋਂ) : ਅੱਜ ਮਹਿਲ ਕਲਾਂ ਪੁਲਿਸ ਦੇ ਕਰਮਚਾਰੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਰੋਨਾ ਰੈਪਿਡ ਰਿਸਪਾਂਸ ਟੀਮ ਦੇ ਨੋਡਲ ਅਫ਼ਸਰ ਡਾ. ਸਿਮਰਨਜੀਤ ਸਿੰਘ ਨੇ ਦਸਿਆ ਕਿ ਅੱਜ ਕੋਰੋਨਾ ਪਾਜ਼ੇਟਿਵ ਆਇਆ ਇਹ 30 ਸਾਲਾ ਪੁਲਿਸ ਕਰਮਚਾਰੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਤ ਹੈ। 
 

ਦੁਬਈ ਤੋਂ ਆਇਆ ਵਿਅਕਤੀ ਕੋਰੋਨਾ ਪੀੜਤ
ਤਰਨਤਾਰਨ, 6 ਜੂਨ (ਪਪ) : ਜ਼ਿਲ੍ਹੇ ਦੇ ਆਈਸੋਲੇਸ਼ਨ ਵਾਰਡ ਅੰਦਰ ਇਕ ਹੋਰ ਕੋਰੋਨਾ ਪੀੜਤ ਮਰੀਜ਼ ਦੇ ਦਾਖ਼ਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸ਼ੁਰੂ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਬੀਤੇ ਦਿਨ ਜਿਥੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਮੌਤ ਹੋ ਗਈ ਹੈ, ਉਥੇ ਹੀ ਆਈਸੋਲੇਸ਼ਨ ਵਾਰਡ ਅੰਦਰ ਕੁਲ 4 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
 

ਬਠਿੰਡਾ : ਇਕ ਵਿਅਕਤੀ ਆਇਆ ਪਾਜ਼ੇਟਿਵ
ਬਠਿੰਡਾ ਦਿਹਾਤੀ, 6 ਜੂਨ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੀ ਮੌੜ ਤਹਿਸੀਲ ਵਿਚ ਮੋੜ ਕਲਾਂ ਦੇ ਇਕ ਵਿਅਕਤੀ ਦੀ ਕੋਵਿਡ 19 ਦੀ ਟੈਸਟ ਰੀਪੋਰਟ ਪਾਜ਼ੇਟਿਵ ਆ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਿਹਤ ਵਿਭਾਗ ਦੇ ਅਮਲੇ ਨੇ ਦਸਿਆ ਕਿ ਮਰੀਜ਼ ਨਰਿੰਦਰ ਸਿੰਘ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ, ਜੋ ਦਿੱਲੀ ਤੋਂ ਪਰਤਿਆ ਸੀ, ਜ਼ਿਲ੍ਹੇ ਵਿਚ ਆਉਣ ਤੋਂ ਲੈ ਕੇ ਉਹ ਘਰ ਵਿਚ ਹੀ ਏਕਾਂਤਵਾਸ ਕੀਤਾ ਹੋਇਆ ਸੀ ਜਦਕਿ ਉਸ ਦੇ ਘਰ ਵਿਚ ਉਸ ਦੇ ਮਾਂ ਬਾਪ ਸਣੇ ਪਤਨੀ ਅਤੇ ਦੋ ਬੱਚੇ ਵੀ ਹਨ। 
 

ਨਵਾਂਸ਼ਹਿਰ ’ਚ ਤਿੰਨ ਕੋਰੋਨਾ ਮਰੀਜ਼ ਮਿਲੇ
ਨਵਾਂਸ਼ਹਿਰ, 6 ਜੂਨ (ਅਮਰੀਕ ਸਿੰਘ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਵਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਵਾਰ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਕਾਰਨ ਜ਼ਿਲ੍ਹਾ ਵਾਸੀਆਂ ਦੀਆਂ ਚਿੰਤਾਵਾਂ ’ਚ ਵਾਧਾ ਹੁੰਦਾ ਰਿਹਾ।  ਅੱਜ ਦੇਰ ਸ਼ਾਮ ਆਈ ਰਿਪੋਰਟ ’ਚ ਇਕੋ ਪਰਵਾਰ ਦੇ ਤਿੰਨ ਜੀਅ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ।
 

ਅੰਮ੍ਰਿਤਸਰ ’ਚ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਆਏ
ਅੰਮ੍ਰਿਤਸਰ, 6 ਜੂਨ (ਪਪ) : ਅੰਮ੍ਰਿਤਸਰ ’ਚ ਅੱਜ ਕੋਰੋਨਾ ਦੇ 28 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਥੇ ਦਸਣਯੋਗ ਹੈ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਕੁਲ 468 ਹੋ ਗਿਆ ਹੈ, ਜਿਨ੍ਹਾਂ ’ਚੋਂ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ 344 ਮਰੀਜ਼ ਠੀਕ ਹੋ ਕੇ ਅਪਣੇ ਘਰ ਜਾ ਚੁੱਕੇ ਹਨ ਜਦਕਿ 116 ਮਰੀਜ਼ ਅਜੇ ਵੀ ਇਲਾਜ ਅਧੀਨ ਹਸਪਤਾਲ ’ਚ ਦਾਖ਼ਲ ਹਨ।
 

ਜਲੰਧਰ ਵਿਚ ਕੋਰੋਨਾ ਦੇ 11 ਨਵੇਂ ਪੀੜਤਾਂ ਦੀ ਪੁਸ਼ਟੀ
ਜਲੰਧਰ, 6 ਜੂਨ ( ਸ਼ਰਮਾ / ਲੱਕੀ ) : ਹਰ ਰੋਜ਼ ਕਰੋਨਾ ਦੇ ਨਵੇਂ ਮਾਮਲੇ ਸਾਮਣੇ ਆਉਣ ਕਰ ਕੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸ ਦੇ ਚਲਦੇ ਹੀ ਅੱਜ ਫੇਰ ਜਲੰਧਰ ਵਿਚ ਕੋਰੋਨਾ ਦੇ 11 ਨਵੇਂ ਮਾਮਲੇ ਮਿਲੇ ਹਨ। ਜਿਸ ਦੇ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 289 ਹੋ ਗਈ ਹੈ। ਅੱਜ ਮਿਲੇ 11 ਮਰੀਜ਼ਾਂ ਵਿਚੋਂ, 4 ਆਦਮੀ ਅਤੇ 7 ਔਰਤਾਂ ਹਨ।
 

ਫ਼ਾਜ਼ਿਲਕਾ ’ਚ ਬਜ਼ੁਰਗ ਔਰਤ ਦੀ ਰੀਪੋਰਟ ਆਈ ਪਾਜ਼ੇਟਿਵ
ਫ਼ਾਜ਼ਿਲਕਾ, 6 ਜੂਨ (ਪਪ) : ਫ਼ਾਜ਼ਿਲਕਾ ਜ਼ਿਲ੍ਹੇ ’ਚ ਇਕ 65 ਸਾਲਾ ਔਰਤ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਚੰਦਰ ਮੋਹਨ ਕਟਾਰੀਆਂ ਨੇ ਦਸਿਆ ਕਿ ਉਕਤ ਔਰਤ ਦਿੱਲੀ ਤੋਂ ਅਪਣੇ ਦੋਹਤੇ ਦੇ ਨਾਲ ਅਬੋਹਰ ਤਹਿਸੀਲ ਦੇ ਅਪਣੇ ਪਿੰਡ ਵਜੀਦਪੁਰ ਪਹੁੰਚੀ ਸੀ ਜਿਸ ਦੇ ਸਿਹਤ ਵਿਭਾਗ ਵਲੋਂ ਸੈਂਪਲ ਲਏ ਗਏ ਜਿਸ ’ਚ ਉਕਤ ਔਰਤ ਪਾਜ਼ੇਟਿਵ ਪਾਈ ਗਈ ਹੈ। ਜਦਕਿ ਉਸ ਦੇ ਦੋਹਤੇ ਦੀ ਰੀਪੋਰਟ ਨੈਗੇਟਿਵ ਆਈ ਹੈ।
 

ਮੋਗਾ : ਇਕ ਨਵਾਂ ਕੋਰੋਨਾ ਮਾਮਲਾ ਆਇਆ
ਮੋਗਾ, 6 ਜੂਨ (ਖ਼ਾਨ) : ਮੋਗਾ ਦੇ ਪਿੰਡ ਦੱਦਾਹੂਰ ਦਾ ਉੜੀਸਾ ਤੋਂ ਕੰਬਾਈਨ ਦਾ ਸੀਜ਼ਨ ਲਗਾ ਕੇ ਇਕ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ।