8 ਜੂਨ ਤੋਂ ਖੁਲ੍ਹਣਗੇ ਧਾਰਮਕ ਅਸਥਾਨ ਪਰ ਪ੍ਰਸ਼ਾਦ ਵੰਡਣ ਤੇ ਲੰਗਰ ’ਤੇ ਰਹੇਗੀ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਅਨਲਾਕ-1 ਤਹਿਤ ਦਿਸ਼ਾ-ਨਿਰਦੇਸ਼ ਜਾਰੀ 

Darbar Sahib

ਚੰਡੀਗੜ੍ਹ, 6 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ ’ਚ ਧਾਰਮਕ ਸਥਾਨ, ਸ਼ਾਪਿੰਗ ਮਾਲਜ਼, ਹੋਟਲ ਤੇ ਰੈਸੋਟਰੈਂਟ ਖੋਲ੍ਹਣ ਲਈ ਅਨਲਾਕ-1 ਤਹਿਤ, ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ। ਸੂਬੇ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਵਲੋਂ ਕੇਂਦਰੀ ਦਿਸ਼ਾ ਨਿਰਦੇਸ਼ ਦੀ ਰੋਸ਼ਨੀ ’ਚ ਜਾਰੀ ਹਦਾਇਤਾਂ ਸਖ਼ਤ ਸ਼ਰਤਾਂ ਨਾਲ ਜਾਰੀ ਕੀਤੀਆਂ ਗਈਆਂ ਹਨ। 

ਧਾਰਮਕ ਸਥਾਨ ਖੋਲ੍ਹਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ 8 ਜੂਨ ਨੂੰ ਸਾਰੇ ਇਹ ਸਥਾਨ ਖੁੱਲ੍ਹ ਤਾਂ ਜਾਣਗੇ ਪਰ ਪ੍ਰਸ਼ਾਦ ਵੰਡਣ ਅਤੇ ਲੰਗਰ ਲਾਉਣ ’ਤੇ ਰੋਕ ਹੋਵੇਗੀ। ਧਾਰਮਕ ਤੇ ਹੋਰ ਪੂਜਾ ਦੇ ਸਥਾਨ ਸਵੇਰੇ 5 ਤੋਂ ਸ਼ਾਮ 8 ਵਜੇ ਤਕ ਖੁੱਲ੍ਹ ਸਕਣਗੇ ਅਤੇ ਇਕੋ ਸਮੇਂ 20 ਵਿਅਕਤੀ ਹੀ ਮੱਥਾ ਟੇਕਣ ਤੇ ਪੂਜਾ ਆਦਿ ਲਈ ਸਮਾਜਕ ਦੂਰੀ ਬਣਾ ਕੇ ਅੰਦਰ ਜਾ ਸਕਣਗੇ, ਇਹ ਸਿਲਸਿਲਾ ਗਰੁੱਪਾਂ ’ਚ ਚੱਲੇਗਾ। ਪ੍ਰਬੰਧਕਾਂ ਨੂੰ ਸਭ ਲੋਕਾਂ ਨੂੰ ਮਾਸਕ ਪਹਿਨਣ, ਸਮਾਜਕ ਦੂਰੀ ਰਖਣ ਤੇ ਹੱਥਾ ਨੂੰ ਸਾਫ਼ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। 

ਸ਼ਾਪਿੰਗ ਮਾਲ ਖੋਲ੍ਹਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਲਜ਼ ’ਚ ਦਾਖ਼ਲ ਹੋਣ ਵਾਲੇ ਰਹੇਕ ਵਿਅਕਤੀ ਦੇ ਮੋਬਾਈਲ ਫ਼ੋਨ ’ਚ ਕੋਵਾ ਐਪ ਹੋਣਾ ਜ਼ਰੂਰੀ ਹੈ। ਪ੍ਰਵਾਰ ਦੀ ਹਾਲਤ ’ਚ ਇਕ ਵਿਅਕਤੀ ਲਈ ਜ਼ਰੂਰੀ ਹੋਵੇਗਾ। ਮਾਲਜ਼ ’ਚ ਦਾਖ਼ਲਾ ਗਰੁੱਪਾਂ ’ਚ ਘੱਟ ਗਿਣਤੀ ਦੇ ਹਿਸਾਬ ਨਾਲ ਟੋਕਨ ਸਿਸਟਮ ਨਾਲ ਹੋਵੇਗਾ। ਹਰੇਕ  ਦੁਕਾਨ ’ਚ ਸਮਾਜਕ ਦੂਰੀ ਰਖਣਾ ਲਾਜ਼ਮੀ ਹੈ। ਲਿਫ਼ਟ ਦੀ ਵਰਤੋਂ ਦੀ ਮਨਾਹੀ ਕੀਤੀ ਗਈ ਹੈ। ਸਿਰਫ਼ ਦਿਵਿਆਂਗ ਤੇ ਮੈਡੀਕਲ ਐਮਰਜੈਂਸੀ ਵਾਲਿਆ ਨੂੰ ਛੋਟ ਹੋਵੇਗੀ। ਮਾਲਜ਼ ’ਚ ਰੈਸਟੋਰੈਂਟ ਤੇ ਫ਼ੂਡ ਕੋਰਟ ’ਤੇ ਰੋਕ ਹਰੇਗੀ ਪਰ ਹੋਮ ਡਲੀਵਰੀ ਜਾਂ ਟੇਕ ਅਵੇ ਦੀ ਆਗਿਆ ਮਿਲੇਗੀ।

ਰੈਸਟੋਰੈਂਟ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਰਫ਼ ਹੋਮ ਡਲੀਵੀਰੀ ਤੇ ਟੇਕ ਅਵੇ ਦੀ ਆਗਿਆ ਹੋਏਗੀ ਤੇ ਬੈਠ ਕੇ ਖਾਣ ਦੀ ਮਨਾਹੀ ਹੈ। 15 ਜੂਨ ਤੋਂ ਬਾਅਦ ਸਥਿਤੀ ਮੁਤਾਬਕ ਅਗਲਾ ਫ਼ੈਸਲਾ ਲਿਆ ਜਾਵੇਗਾ। ਹੋਟਲ ਤੇ ਹੋਰ ਮਹਿਮਾਨ ਨਵਾਜੀ ਯੂਨਿਟਾਂ ਨੂੰ ਖੋਲ੍ਹਣ ਸਬੰਧੀ ਕਿਹਾ ਗਿਆ ਹੈ ਕਿ ਹੋਟਲ ਰੈਸਟੌਰੈਂਟ ਬੰਦ ਰਹਿਣਗੇ ਪਰ ਮਹਿਮਾਨਾਂ ਲਈ ਕਮਰੇ ’ਚ ਖਾਣਾ ਪਹੁੰਚਾਉਣ ਦੀ ਆਗਿਆ ਹੋਵੇਗੀ। ਰਾਤ ਦੇ ਕਰਫ਼ਿਉ ਦੇ ਨਿਯਮ ਹੋਟਲਾਂ ’ਤੇ ਲਾਗੂ ਹੋਣਗੇ ਅਤੇ ਰਾਤ 9 ਤੋਂ ਸਵੇਰ 5 ਵਜੇ ਤਕ ਹੋਟਲ ’ਚ ਠਹਿਰੇ ਮਹਿਮਾਨਾਂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ।