ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ 'ਘਰ-ਘਰ ਰਾਸ਼ਨ' ਯੋਜਨਾ ਰੋਕਣ ਦੇ ਲਾਏ ਦੋਸ਼
ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ 'ਘਰ-ਘਰ ਰਾਸ਼ਨ' ਯੋਜਨਾ ਰੋਕਣ ਦੇ ਲਾਏ ਦੋਸ਼
ਪੁਛਿਆ : ਜਦ ਪੀਜ਼ਾ, ਬਰਗਰ ਤੇ ਕਪੜਿਆਂ ਦੀ ਹੋਮ ਡਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਕਿਉਂ ਨਹੀਂ?
ਨਵੀਂ ਦਿੱਲੀ, 6 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ 'ਘਰ-ਘਰ ਰਾਸ਼ਨ' ਯੋਜਨਾ ਨੂੰ ਰੋਕਣ ਦਾ ਐਤਵਾਰ ਦੋਸ਼ ਲਗਾਇਆ | ਕੇਜਰੀਵਾਲ ਨੇ ਇਕ ਡਿਜੀਟਲ ਪੱਤਰਕਾਰ ਵਾਰਤਾ ਵਿਚ ਦੋਸ਼ ਲਗਾਇਆ ਕਿ ਇਹ ਯੋਜਨਾ ਲਾਗੂ ਕਰਨ ਦੀ ਪੂਰੀ ਤਿਆਰੀ ਹੋ ਚੁਕੀ ਸੀ ਅਤੇ ਅਗਲੇ ਹਫ਼ਤੇ ਇਸ ਨੂੰ ਲਾਗੂ ਕਰਨਾ ਸੀ ਪਰ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਯੋਜਨਾ 'ਤੇ ਰੋਕ ਲਗਾ ਦਿਤੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦੇਸ਼ 75 ਸਾਲਾਂ ਤੋਂ ਰਾਸ਼ਨ ਮਾਫ਼ੀਆ ਦੀ ਗਿ੍ਫ਼ਤ ਵਿਚ ਹੈ ਅਤੇ ਗ਼ਰੀਬਾਂ ਲਈ ਕਾਗ਼ਜ਼ਾਂ ਵਿਚ ਹੀ ਰਾਸ਼ਨ ਜਾਰੀ ਹੁੰਦਾ ਹੈ |
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਣਾ ਚਾਹੀਦਾ ਹੈ ਕਿ ਕੇਂਦਰ ਨੇ ਦਿੱਲੀ ਸਰਕਾਰ ਦੀ 'ਘਰ ਘਰ ਰਾਸ਼ਨ' ਯੋਜਨਾ ਨੂੰ ਕਿਉਂ ਰੋਕਿਆ? ਉਨ੍ਹਾਂ ਕਿਹਾ ਇਸ ਯੋਜਨਾ ਨੂੰ ਰਾਸ਼ਟਰ ਹਿਤ ਵਿਚ ਮਨਜ਼ੂਰੀ ਦਿਤੀ ਜਾਣੀ ਚਾਹੀਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ 'ਘਰ ਘਰ ਰਾਸ਼ਨ' ਯੋਜਨਾ ਸਿਰਫ਼ ਦਿੱਲੀ ਵਿਚ ਹੀ ਨਹੀਂ ਸਗੋ ਪੂਰੇ ਦੇਸ਼ ਵਿਚ ਲਾਗੂ ਹੋਣੀ ਚਾਹੀਦੀ ਹੈ, ਕਿਉਂਕਿ ਰਾਸ਼ਨ ਦੀਆਂ ਦੁਕਾਨਾਂ 'ਸੁਪਰ ਸਪਰੈਡਰ' ਹਨ |
ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਵਿਰੋਧੀ ਦਲਾਂ ਦੀਆਂ ਸਰਕਾਰਾਂ ਨਾਲ ਲੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਅਜਿਹੀ ਮੁਸ਼ਕਲ ਦੇ ਸਮੇਂ ਕੇਂਦਰ ਸਰਕਾਰ ਸੱਭ ਨਾਲ ਲੜਾਈ ਕਰ ਰਹੀ ਹੈ | ਕੇਂਦਰ ਸਰਕਾਰ ਮਮਤਾ ਦੀਦੀ, ਝਾਰਖੰਡ ਦੀ ਸਰਕਾਰ, ਲਕਸ਼ਦੀਪ ਦੇ ਲੋਕਾਂ ਨਾਲ, ਮਹਾਂਰਾਸ਼ਟਰ ਸਰਕਾਰ, ਦਿੱਲੀ ਦੇ ਲੋਕਾਂ ਤੇ ਕਿਸਾਨਾਂ ਨਾਲ ਲੜ ਰਹੀ ਹੈ |'' ਉਨ੍ਹਾਂ ਕਿਹਾ ਕਿ ਅੱਜ ਮੈਂ ਬਹੁਤ ਦੁਖੀ ਹਾਂ ਤੇ ਸਿੱਧਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਦਿੱਲੀ ਵਿਚ ਅਗਲੇ ਹਫ਼ਤੇ 'ਘਰ ਘਰ ਰਾਸ਼ਨ' ਪਹੁੰਚਾਉਣ
ਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਹੈ |
ਕੇਜਰੀਵਾਲ ਨੇ ਕਿਹਾ,''ਲੋਕ ਪੁੱਛ ਰਹੇ ਹਨ ਕਿ ਇਸ ਦੇਸ਼ ਵਿਚ ਪੀਜ਼ਾ, ਬਰਗਰ, ਸਮਾਰਟ ਫ਼ੋਨ ਤੇ ਕਪੜਿਆਂ ਦੀ ਹੋਮ ਡਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਨੂੰ ਘਰ ਕਿਉਂ ਨਹੀਂ ਪਹੁੰਚਾਇਆ ਜਾ ਸਕਦਾ?'' ਉਨ੍ਹਾਂ ਕਿਹਾ ਕਿ,''ਮੈਂ ਹੱਥ ਜੋੜ ਕੇ ਦਿੱਲੀ ਦੇ 70 ਲੱਖ ਲੋਕਾਂ ਵਲੋਂ ਇਸ ਯੋਜਨਾ ਨੂੰ ਲਾਗੂ ਕਰਨ ਦੀ ਅਪੀਲ ਕਰਦਾ ਹਾਂ | (ਪੀਟੀਆਈ)