ਜੰਗਲਾਤ ਮਹਿਕਮੇ 'ਚ ਘਪਲੇ ਦਾ ਮਾਮਲਾ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਵਿਭਾਗ ਨੇ ਤੜਕੇ 3 ਵਜੇ ਅਮਲੋਹ ਤੋਂ ਕੀਤੀ ਗ੍ਰਿਫ਼ਤਾਰੀ 

Former minister Sadhu Singh Dharamsot arrested

ਪੱਤਰਕਾਰ ਅਤੇ ਉਨ੍ਹਾਂ ਦੇ OSD ਸਮੇਤ ਦੋ ਹੋਰ ਨੂੰ ਵੀ ਹਿਰਾਸਤ 'ਚ ਲਿਆ 
ਚੰਡੀਗੜ੍ਹ :
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਾਧੂ ਸਿੰਘ ਧਰਮਸੋਤ ਨੂੰ ਅਮਲੋਹ ਤੋਂ ਤੜਕੇ 3 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ। ਧਰਮਸੋਤ 'ਤੇ ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ।

ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਸਨ। ਹਾਲਾਂਕਿ ਜਦੋਂ ਕੈਪਟਨ ਨੂੰ ਹਟਾਇਆ ਗਿਆ ਤਾਂ ਧਰਮਸੋਤ ਨੂੰ ਵੀ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਹਾਲ ਹੀ ਵਿੱਚ ਆਪਣੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖ਼ਾਸਤ ਕੀਤਾ ਹੈ।

ਵਿਜੀਲੈਂਸ ਬਿਊਰੋ ਨੇ ਮੋਹਾਲੀ ਦੇ ਕੁਝ ਜੰਗਲਾਤ ਅਫਸਰਾਂ ਨੂੰ ਰਿਸ਼ਵਤ ਦੇ ਦੋਸ਼ ਵਿੱਚ ਫੜਿਆ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਨਵੇਂ ਰੁੱਖ ਲਗਾਉਣ ਲਈ ਵੀ ਰਿਸ਼ਵਤ ਲਈ ਗਈ। ਜਿਸ ਦਾ ਹਿੱਸਾ ਵੀ ਸਿੱਧਾ ਤਤਕਾਲੀ ਮੰਤਰੀ ਧਰਮਸੋਤ ਕੋਲ ਗਿਆ। ਇਸ ਪੁੱਛਗਿੱਛ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਵੱਲੋਂ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਧਰਮਸੋਤ ਨੂੰ ਹੁਣ ਮੋਹਾਲੀ ਲਿਆਂਦਾ ਜਾ ਰਿਹਾ ਹੈ। ਜਿੱਥੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਇੱਕ ਪੱਤਰਕਾਰ ਅਤੇ ਉਨ੍ਹਾਂ ਦੇ OSD ਸਮੇਤ ਦੋ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪੱਤਰਕਾਰ ਨੂੰ ਖੰਨਾ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਸਾਧੂ ਸਿੰਘ ਧਰਮਸੋਤ  ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਵੀ ਘਿਰੇ ਹੋਏ ਹਨ। ਉਨ੍ਹਾਂ ਦੇ ਸਮਾਜਿਕ ਸੁਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਕਾਲਰਸ਼ਿਪ ਦੇ ਪੈਸੇ ਗਲਤ ਤਰੀਕੇ ਨਾਲ ਦਿੱਤੇ ਜਾਣ ਦੇ ਇਲਜ਼ਾਮ ਲੱਗੇ ਸਨ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਸ ਦੇ ਬਾਵਜੂਦ ਤਤਕਾਲੀ ਕੈਪਟਨ ਸਰਕਾਰ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।