ਨਾਬਾਲਗ਼ ਲੜਕੀ ਨਾਲ ਪਿੰਡ ਦੇ ਹੀ ਵਿਅਕਤੀ ਨੇ ਵਰਗਲਾ ਕੇ ਕੀਤਾ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਚਾ ਦਰਜ, ਮੁਲਜ਼ਮ ਦੀ ਭਾਲ ਜਾਰੀ 

Minor girl raped by village people

ਪਾਤੜਾਂ : ਸਥਾਨਕ ਸ਼ਹਿਰ ਤੋਂ ਲਗਭਗ ਪੰਜ ਕੁ ਕਿਲੋਮੀਟਰ ਦੂਰ ਮੂਨਕ ਰੋਡ 'ਤੇ ਸਥਿਤ ਪਿੰਡ ਸੇਲਵਾਲਾ ਦੀ ਇਕ ਦਲਿਤ ਪਰਵਾਰ ਨਾਲ ਸਬੰਧਤ ਨਾਬਾਲਗ਼ ਲੜਕੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਰਾਤ ਸਮੇਂ ਵਰਗਲਾ-ਫ਼ੁਸਲਾ ਕੇ ਖੇਤਾਂ ਵਿਚ ਕਿਸੇ ਟਿਊਬਵੈੱਲ 'ਤੇ ਲਿਜਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਲੜਕੀ ਦੇ ਪਿਤਾ ਨੇ ਦਸਿਆ ਕਿ ਪਿੰਡ ਸੇਲਵਾਲਾ ਦੇ ਹੀ ਇਕ ਵਿਅਕਤੀ ਜਸਪਾਲ ਸਿੰਘ ਪੁੱਤਰ ਕਰਤਾਰਾ ਰਾਮ ਜਿਸ ਨੇ ਮੇਰੀ ਨਾਬਾਲਗ਼ ਲੜਕੀ ਜਿਸਦੀ ਉਮਰ ਸੋਲਾਂ ਸਾਲ ਹੈ ਨੂੰ ਵਰਗਲਾ-ਫ਼ੁਸਲਾ ਕੇ ਮਿਤੀ 5-6 ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਹੀ ਹਰਪ੍ਰੀਤ ਸਿੰਘ ਦੀ ਮੋਟਰ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਜਦੋਂ ਮੈਂ ਲੜਕੀ ਦੀ ਭਾਲ ਵਿਚ ਪਿੰਡ ਦੀ ਦਾਣਾ ਮੰਡੀ ਕੋਲ ਪੁੱਜਾ ਤਾਂ ਉਸ ਵਕਤ ਉਕਤ ਦੋਸ਼ੀ ਮੇਰੀ ਲੜਕੀ ਨੂੰ ਲੈ ਕੇ ਸੜਕ 'ਤੇ ਆ ਰਿਹਾ ਸੀ ਮੈਨੂੰ ਦੇਖਦੇ ਹੀ ਉਹ ਲੜਕੀ ਨੂੰ ਛੱਡ ਕੇ ਉਥੋਂ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਅਸੀਂ ਅਪਣੀ ਲੜਕੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਹੈ।

ਉਸ ਨੇ ਦਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਐਤਵਾਰ ਹੋਣ ਕਰ ਕੇ ਲੜਕੀ ਦਾ ਮੈਡੀਕਲ ਨਹੀਂ ਹੋ ਸਕਦਾ ਇਸ ਲਈ  ਕੱਲ ਸੋਮਵਾਰ ਮੈਡੀਕਲ ਕਰਨ ਬਾਰੇ ਡਾਕਟਰਾਂ ਵਲੋਂ ਕਿਹਾ ਗਿਆ ਹੈ ਅਤੇ ਪੀੜਤ ਪਰਵਾਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਦੋਸ਼ੀ ਵਿਅਕਤੀ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਅਜਿਹੀ ਘਿਨਾਉਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। 

ਮਾਮਲੇ ਸਬੰਧੀ ਥਾਣਾ ਪਾਤੜਾਂ ਮੁਖੀ ਇੰਸਪੈਕਟਰ ਰਣਬੀਰ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਸੈਕਸ਼ਨ 4, ਆਈ.ਪੀ.ਸੀ ਦੀ ਧਾਰਾ 363, 366, 1 376, ਪੋਕਸੋ ਐਕਟ ਤਹਿਤ ਪਾਤੜਾਂ ਥਾਣੇ ਵਿਚ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।