ਭਾਈ ਧਿਆਨ ਸਿੰਘ ਮੰਡ ਵਲੋਂ ਬੇਅਦਬੀ ਕਾਂਡ ਦੇ ਇਨਸਾਫ਼ ਲਈ ਦੋ ਮਹੀਨਿਆਂ ਦਾ ਅਲਟੀਮੇਟਮ
ਭਾਈ ਧਿਆਨ ਸਿੰਘ ਮੰਡ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਪੀੜਤ ਪ੍ਰਵਾਰਾਂ
ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) : ਭਾਈ ਧਿਆਨ ਸਿੰਘ ਮੰਡ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਦੋ ਮਹੀਨਿਆਂ ਅਰਥਾਤ 6 ਸਤੰਬਰ ਤਕ ਦਾ ਅਲਟੀਮੇਟਮ ਦਿੰਦਿਆਂ ਆਖਿਆ ਕਿ ਨਹੀਂ ਤਾਂ ਉਹ 6 ਸਤੰਬਰ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੰਥ ਦੇ ਨਾਂਅ 'ਤੇ ਵੋਟਾਂ ਲੈ ਕੇ ਸਰਕਾਰ ਬਣਾਉਣ ਵਾਲੇ ਬਾਦਲ ਪ੍ਰਵਾਰ ਨੇ ਸੱਤਾ ਹੋਣ ਦੇ ਬਾਵਜੂਦ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਣ ਜਾਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਰੂਰਤ ਹੀ ਨਾ ਸਮਝੀ ਜਿਸ ਕਰ ਕੇ 1 ਜੂਨ 2018 ਨੂੰ ਉਹ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲਾਉਣ ਲਈ ਮਜਬੂਰ ਹੋਏ, ਲਗਭਗ 6 ਮਹੀਨਿਆਂ ਬਾਅਦ ਅਰਥਾਤ 9 ਦਸੰਬਰ ਨੂੰ ਕੈਪਟਨ ਸਰਕਾਰ ਦੇ ਦੋ ਮੰਤਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਸੰਗਤਾਂ ਦੇ ਭਾਰੀ ਇਕੱਠ 'ਚ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਤਕਰੀਬਨ ਮੰਗਾਂ ਮੰਨ ਲਈਆਂ ਗਈਆਂ ਹਨ
ਤੇ ਰਹਿੰਦੀਆਂ ਮੰਗਾਂ ਵੀ ਨੇੜ ਭਵਿੱਖ ਮੰਨ ਲਈਆਂ ਜਾਣਗੀਆਂ। ਪਰ ਅਸੀ ਡੇਢ ਸਾਲ ਤਕ ਇੰਤਜ਼ਾਰ ਕੀਤਾ, ਜਦੋਂ ਕੋਈ ਹੁਗਾਰਾ ਨਾ ਮਿਲਿਆ ਤਾਂ ਅੱਜ ਅਸੀਂ ਬੋਲਣ ਲਈ ਮਜਬੂਰ ਹੋਏ ਹਾਂ। ਭਾਈ ਮੰਡ ਨੇ ਤਤਕਾਲੀਨ ਬਾਦਲ ਸਰਕਾਰ ਅਤੇ ਵਰਤਮਾਨ ਕੈਪਟਨ ਸਰਕਾਰ ਵਲੋਂ ਬਣਾਈਆਂ ਗਈਆਂ ਦੋ ਵਿਸ਼ੇਸ਼ ਜਾਂਚ ਟੀਮਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟਾਉਂਦਿਆਂ ਆਖਿਆ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਅਤੇ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀਆਂ ਜਾਂਚ ਟੀਮਾਂ ਤੋਂ ਇਨਸਾਫ਼ ਦੀ ਉਮੀਦ ਬਣੀ ਹੈ। ਉਨ੍ਹਾਂ ਮੰਨਿਆ ਕਿ ਭਾਵੇਂ ਉਕਤ ਟੀਮਾਂ ਦੇ ਰਸਤੇ 'ਚ ਅਨੇਕਾਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਪਰ ਫਿਰ ਵੀ ਉਹ ਟੀਮਾਂ ਸਹੀ ਰਸਤੇ ਵਲ ਵੱਧ ਰਹੀਆਂ ਹਨ।