ਜਲਦੀ ਹੀ ਏਮਜ਼ ਵਿਚ ਸ਼ੁਰੂ ਹੋਣਗੇ ਕੋਰੋਨਾ ਦੇ ਟੈਸਟ: ਡਾਇਰੈਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ ਸੈਸ਼ਨ ਤੋਂ ਬਠਿੰਡਾ 'ਚ ਸ਼ੁਰੂ ਹੋਣਗੀਆਂ ਮੈਡੀਕਲ ਕਲਾਸਾਂ

File Photo

ਬਠਿੰਡਾ, 6 ਜੁਲਾਈ (ਸੁਖਜਿੰਦਰ ਮਾਨ) : ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਲਈ ਜਲਦੀ ਹੀ ਬਠਿੰਡਾ ਏਮਜ਼ 'ਚ ਕੋਰੋਨਾ ਟੈਸਟ ਲੈਬ ਸਥਾਪਤ ਕੀਤੀ ਜਾਵੇਗੀ, ਜਿਸਤੋਂ ਬਾਅਦ ਇਸ ਬੀਮਾਰੀ ਨੂੰ ਜਲਦੀ ਲਭਿਆ ਜਾ ਸਕੇਗਾ। ਇਹ ਖ਼ੁਲਾਸਾ ਅੱਜ ਏਮਜ਼ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਬਠਿੰਡਾ ਏਮਜ਼ ਦੇ ਨਵਨਿਯੁਕਤ ਪਹਿਲੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਡਾ. ਸਿੰਘ ਨੇ ਲੰਘੀ 1 ਜੁਲਾਈ ਨੂੰ ਅਪਣਾ ਅਹੁਦਾ ਸੰਭਾਲਿਆ ਹੈ। ਸਥਾਨਕ ਓਪੀਡੀ ਬਲਾਕ 'ਚ ਗੱਲਬਾਤ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਸੰਭਾਵਨਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਟੈਸਟ ਲਈ ਲੋੜੀਦੀਆਂ ਮਸ਼ੀਨਾਂ ਇਥੇ ਭੇਜ ਦਿਤੀਆਂ ਜਾਣਗੀਆਂ, ਜਿਸਤੋਂ ਬਾਅਦ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਕੋਰੋਨਾ ਮਹਾਂਮਾਰੀ ਦੇ ਟੈਸਟਾਂ ਦੇ ਜਲਦੀ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ।
  ਹਸਪਤਾਲ 'ਚ ਇੰਨਡੋਰ ਸਹੂਲਤਾਂ ਬਾਰੇ ਗੱਲਬਾਤ ਕਰਦਿਆਂ ਡਾ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਮਜ਼ਦੂਰਾਂ ਦੀ ਕਮੀ ਦੀ ਪ੍ਰੇਸ਼ਾਨੀ ਤੇ ਹੋਰ ਕਾਰਨਾਂ ਕਰਕੇ ਇਮਾਰਤ ਦੇ ਨਿਰਮਾਣ ਵਿਚ ਕੁੱਝ ਦੇਰੀ ਹੋ ਰਹੀ ਹੈ

ਪ੍ਰੰਤੂ ਫ਼ਿਰ ਵੀ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਹੀ ਟਰੋਮਾ ਸੈਂਟਰ ਚਲਾਇਆ ਜਾਵੇ। ਏਮਜ਼ ਵਲੋਂ ਮੈਡੀਕਲ ਸਿਖਿਆ ਦਾ ਅਗਲਾ ਸ਼ੈਸਨ ਬਠਿੰਡਾ ਵਿਚ ਹੀ ਸ਼ੁਰੂ ਕਰਨ ਦੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਡਾਇਰੈਕਟਰ ਨੇ ਦਸਿਆ ਕਿ ਪਿਛਲੇ ਸਾਲ ਫ਼ਰੀਦਕੋਟ ਮੈਡੀਕਲ ਕਾਲਜ਼ 'ਚ ਚੱਲ ਰਹੇ 50 ਵਿਦਿਆਰਥੀਆਂ ਦੇ ਬੈਚ ਤੋਂ ਇਲਾਵਾ 100 ਵਿਦਿਆਰਥੀਆਂ ਦੇ ਨਵੇਂ ਬੈਚ ਨੂੰ ਵੀ ਬਠਿੰਡਾ 'ਚ ਹੀ ਤਾਲੀਮ ਦਿਤੀ ਜਾਵੇਗੀ।

ਇਸਦੇ ਲਈ ਹੋਸਟਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ  ਏਮਜ਼ ਵਿਚ ਸੀਟੀ ਸਕੈਨ ਤੇ ਐਮ.ਆਰ.ਆਈ ਦੀ ਮਸ਼ੀਨ ਆ ਚੁੱਕੀ ਹੈ ਤੇ ਟੈਕਨੀਸਨਾਂ ਨੂੰ ਟਰੈਨਿੰਗ ਤੋਂ ਬਾਅਦ ਇਸਨੂੰ ਚਾਲੂ ਕਰ ਦਿਤਾ ਜਾਵੇਗਾ। ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਆਯੂਸਮਨ ਭਾਰਤ ਯੋਜਨਾ ਨੂੰ ਵੀ ਏਮਜ਼ ਵਿਚ ਜਲਦੀ ਹੀ ਲਾਗੂ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਉਨ੍ਹਾਂ ਨਾਲ ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਸਤੀਸ ਗੁਪਤਾ ਤੇ ਹੋਰ ਸੀਨੀਅਰ ਡਾਕਟਰ ਵੀ ਹਾਜ਼ਰ ਸਨ।