ਜੂਨ 2015 ਨੂੰ ਚੋਰੀ ਹੋਏ ਪਾਵਨ ਸਰੂਪ ਦੇ ਮਾਮਲੇ 'ਚ ਸੌਦਾ ਸਾਧ ਨਾਮਜ਼ਦ
ਐਸ.ਆਈ.ਟੀ. ਨੇ 11 ਮੁਲਜ਼ਮਾਂ ਦੀ ਚਲਾਨ ਰਿਪੋਰਟ ਅਦਾਲਤ 'ਚ ਕੀਤਾ ਪੇਸ਼
ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) : ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਐਸਆਈਟੀ ਦੇ ਆਗੂ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਸਪੱਸ਼ਟ ਕਰ ਦਿਤਾ ਕਿ ਬੇਅਦਬੀ ਦੇ ਮੰਤਵ ਨਾਲ ਚੋਰੀ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ 'ਚ ਡੇਰਾ ਮੁਖੀ ਸੌਦਾ ਸਾਧ ਨੂੰ ਵੀ 2 ਜੂਨ 2015 ਨੂੰ ਥਾਣਾ ਬਾਜਾਖਾਨਾ ਵਿਖੇ ਦਰਜ ਹੋਈ ਐਫ਼ਆਈਆਰ ਨੰਬਰ 63 'ਚ ਨਾਮਜ਼ਦ ਕਰ ਲਿਆ ਹੈ। ਜਿਸ ਨੂੰ ਪੁੱਛਗਿੱਛ ਲਈ ਸੁਨਾਰੀਆ ਜੇਲ 'ਚੋਂ ਲਿਆਉਣ ਵਾਸਤੇ ਪ੍ਰੋਡਕਸ਼ਨ ਵਾਰੰਟ ਲਏ ਜਾਣਗੇ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦਸਿਆ ਕਿ 7 ਹਿਰਾਸਤ 'ਚ ਲਏ ਡੇਰਾ ਪ੍ਰੇਮੀਆਂ ਸਮੇਤ 4 ਹੋਰ ਅਰਥਾਤ 11 ਮੁਲਜਮਾਂ ਦੀ ਚਲਾਨ ਰਿਪੋਰਟ ਅੱਜ ਅਦਾਲਤ 'ਚ ਪੇਸ਼ ਕਰ ਦਿਤੀ ਗਈ ਹੈ। ਜਿਸ ਵਿਚ ਹੋਰ 3 ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਅਤੇ ਚੌਥਾ ਡੇਰਾ ਮੁਖੀ ਦਾ ਨਾਮ ਸ਼ਾਮਲ ਹੈ। ਡੇਰੇ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਦੇ ਵਰੰਟਾਂ ਸਬੰਧੀ ਅਗਲੀ ਤਰੀਕ 8 ਜੁਲਾਈ ਪਈ ਹੈ।
ਉਨ੍ਹਾਂ ਦਸਿਆ ਕਿ ਪਾਵਨ ਸਰੂਪ ਦੀ ਚੋਰੀ ਦੇ ਸਬੰਧ 'ਚ ਹਿਰਾਸਤ 'ਚ ਲਏ ਗਏ 7 ਡੇਰਾ ਪ੍ਰੇਮੀਆਂ ਨੇ ਸਾਰਾ ਕੁਝ ਪ੍ਰਵਾਨ ਕਰ ਲਿਆ ਹੈ ਤੇ ਉਨਾਂ ਕੋਲੋਂ 2 ਦਿਨ ਹੋਈ ਪੁੱਛਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ 'ਤੇ ਹੀ ਡੇਰਾ ਮੁਖੀ ਸਮੇਤ 3 ਹੋਰ ਡੇਰੇ ਨਾਲ ਸਬੰਧਤ ਕੌਮੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ। ਪੁੱਛਗਿੱਛ ਦੌਰਾਨ ਡੇਰਾ ਪ੍ਰੇਮੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਪਾਵਨ ਸਰੂਪ ਚੋਰੀ ਕਰਨ ਅਤੇ ਉਸਦੀ ਬੇਅਦਬੀ ਕਰਨ ਲਈ ਡੇਰੇ ਦੇ ਉੱਚ ਆਗੂਆਂ ਵਲੋਂ ਹੁਕਮ ਮਿਲਦੇ ਰਹੇ, ਜਿਸ ਦੇ ਆਧਾਰ 'ਤੇ ਹੀ ਉਹ ਕਾਰਵਾਈ ਕਰਦੇ ਰਹੇ।
ਸ੍ਰ. ਖਟੜਾ ਮੁਤਾਬਿਕ ਸੌਦਾ ਸਾਧ ਸਮੇਤ ਦੂਜੇ 3 ਪ੍ਰਮੁੱਖ ਆਗੂਆਂ ਨੂੰ ਪੁੱਛਗਿੱਛ 'ਚ ਸ਼ਾਮਲ ਕਰਨ ਲਈ ਜਾਂਚ ਟੀਮ ਨੇ ਵੱਖ-ਵੱਖ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਾਈ ਹੈ। ਉਨ੍ਹਾਂ ਆਖਿਆ ਕਿ ਉਕਤ ਚਾਰਾਂ ਦੀ ਪੁੱਛਗਿੱਛ ਤੋਂ ਬਾਅਦ ਕਈ ਹੋਰ ਅਹਿਮ ਵਿਅਕਤੀਆਂ ਦੇ ਨਾਮ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਜਦੋਂ ਐਸਆਈਟੀ ਵਲੋਂ 5 ਡੇਰਾ ਪ੍ਰੇਮੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ
ਤਾਂ ਉੱਥੇ ਪੰਥਕ ਆਗੂ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਪੰਥਦਰਦੀਆਂ ਨੇ ਬੇਅਦਬੀ ਕਾਂਡ 'ਚ ਸ਼ਾਮਲ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦਿਆਂ ਨਾਹਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ, ਉਹ ਭਾਵੇਂ ਕਿਸੇ ਵੀ ਉਚੇ ਅਹੁਦੇ 'ਤੇ ਬਿਰਾਜਮਾਨ ਹੋਵੇ ਅਤੇ ਭਾਵੇਂ ਕਿੰਨੇ ਵੀ ਵੱਡੇ ਰੁਤਬੇ ਵਾਲਾ ਕਿਉਂ ਨਾ ਹੋਵੇ।
ਅਕਾਲੀਆਂ ਦੇ ਰਾਜ 'ਚ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਦੇਣ ਦਾ ਕੀ ਮਕਸਦ ਸੀ ? : ਪੰਥਦਰਦੀ
ਪੰਥਦਰਦੀਆਂ ਨੇ ਬਾਦਲਾਂ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਦੌਰਾਨ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਕਰਮਚਾਰੀ ਅਤੇ ਹੋਰ ਸਹੂਲਤਾਂ ਮੁਹਈਆ ਕਰਾਉਣ ਦਾ ਆਖਰ ਮਕਸਦ ਕੀ ਸੀ? ਅਦਾਲਤ ਨੇ 5 ਡੇਰਾ ਪ੍ਰੇਮੀਆਂ ਨੂੰ 14 ਦਿਨ ਲਈ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿਤਾ।
ਮੁਲਜ਼ਮਾਂ ਨੇ ਕੀਤੇ ਅਹਿਮ ਪ੍ਰਗਟਾਵੇ
ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਰਣਬੀਰ ਸਿੰਘ ਖਟੜਾ ਡੀਆਈਜੀ ਨੇ ਡੇਰਾ ਪ੍ਰੇਮੀਆਂ ਤੋਂ ਹੋਈ ਪੁੱਛਗਿੱਛ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ ਦਾ ਖੁਲਾਸਾ ਕਰਦਿਆਂ ਦਸਿਆ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਦੇ ਡੇਰੇ ਵਿਰੁਧ ਹੁੰਦੇ ਪ੍ਰਚਾਰ ਤੋਂ ਤੈਸ਼ 'ਚ ਆ ਕੇ ਡੇਰਾ ਪ੍ਰੇਮੀਆਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ। ਉਨ੍ਹਾਂ ਦਸਿਆ ਕਿ 7 ਡੇਰਾ ਪ੍ਰੇਮੀਆਂ ਵਿਰੁਧ ਧਾਰਾ 414 ਸਮੇਤ 3 ਹੋਰ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ, ਪਾਵਨ ਸਰੂਪ ਚੋਰੀ ਕਰਨ ਲਈ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ
ਅਤੇ ਪੁੱਛਗਿੱਛ ਦੌਰਾਨ ਤਸੱਲੀ ਬਖ਼ਸ਼ ਖੁਲਾਸੇ ਹੋਏ ਹਨ, ਜਿਨ੍ਹਾਂ ਦਾ ਅਜੇ ਜ਼ਿਕਰ ਨਹੀਂ ਕੀਤਾ ਜਾ ਸਕਦਾ। ਸ੍ਰ. ਖਟੜਾ ਨੇ ਇਹ ਵੀ ਦਸਿਆ ਕਿ 2011 'ਚ ਮੋਗਾ ਵਿਖੇ ਦਰਜ ਹੋਈ ਐਫ਼ਆਈਆਰ ਨੰਬਰ 33 'ਚ ਗਵਾਹੀਆਂ ਮੌਕੇ ਅਤੇ ਪੁੱਛਗਿੱਛ ਦੌਰਾਨ ਡੇਰਾ ਪ੍ਰੇਮੀਆਂ ਨੇ ਗੁਰੂਸਰ ਭਗਤਾ, ਮੱਲਕੇ ਅਤੇ ਬਰਗਾੜੀ ਵਿਖੇ ਕੀਤੇ ਗਏ ਬੇਅਦਬੀ ਕਾਂਡ ਦਾ ਦੋਸ਼ ਕਬੂਲ ਕਰ ਲਿਆ ਸੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡੀ.ਐਸ.ਪੀ. ਲਖਵੀਰ ਸਿੰਘ, ਡੀਐਸਪੀ ਸੁਲੱਖਣ ਸਿੰਘ ਅਤੇ ਇੰਸ. ਦਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।