ਬੇਅਦਬੀ ਮਾਮਲੇ ਬਾਰੇ ਬਾਦਲਾਂ ਨੂੰ ਹਰ ਗੱਲ ਦਾ ਪਤਾ ਸੀ ਪਰ ਉਨ੍ਹਾਂ ਸੱਚ ਨੂੰ ਛੁਪਾਇਆ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ

Sukhjinder Randhwa

ਬਠਿੰਡਾ (ਦਿਹਾਤੀ), 6 ਜੁਲਾਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਬੇਅਦਬੀ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨਾਲ ਇਨਸਾਫ਼ ਦੇਣ ਦੇ ਕੀਤੇ ਵਾਅਦੇ ਤਹਿਤ ਕਿਸੇ ਦੀ ਵੀ ਧੌਣ ਨੂੰ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰੇਗੀ। ਜੋ ਇਸ ਮਾਮਲੇ ਲਈ ਜ਼ੁੰਮੇਵਾਰ ਹੋਇਆ, ਉਹ ਬੇਸ਼ੰਕ ਪੰਜਾਬ ਦਾ ਕਿੰਨਾ ਵੀ ਵੱਡਾ ਸਿਆਸੀ ਲੀਡਰ ਜਾਂ ਅਫ਼ਸਰ ਕਿਉਂ ਨਾ ਹੋਵੇ ਪਰ ਬਾਦਲਾਂ ਨੂੰ ਸੱਭ ਕੁੱਝ ਪਤਾ ਸੀ।

ਜਿਨ੍ਹਾਂ ਦੇ ਰਾਜ ਵੇਲੇ ਹੀ ਬੇਅਦਬੀ ਹੋਈ, ਐਮ.ਐਸ.ਜੀ ਫ਼ਿਲਮ ਰਿਲੀਜ਼ ਹੋਈ ਅਤੇ ਡੇਰਾ ਮੁਖੀ ਨੂੰ ਵੀ ਇਨ੍ਹਾਂ ਨੇ ਹੀ ਜਥੇਦਾਰ ਗੁਰਬਚਨ ਸਿੰਘ ਤੋਂ ਮਾਫ਼ੀ ਦਿਵਾਈ, ਪਰ ਹੁਣ ਇਸੇ ਹੀ ਮੁੱਦੇ 'ਤੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਭੁੱਚੋ ਦੇ ਭੁੱਚੋ ਸ਼ਹਿਰ ਵਿਖੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਪਹਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਜੋਨੀ ਬਾਂਸਲ ਦੇ ਗ੍ਰਹਿ ਵਿਖੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਜੇਲ ਮੰਤਰੀ ਰੰਧਾਵਾ ਨੇ ਅੱਗੇ ਬੋਲਦਿਆਂ ਕਿਹਾ ਪੰਜਾਬ ਦੀ ਜੇਲਾਂ ਵਿਚ ਮੋਬਾਇਲ ਮਿਲਦਾ ਇੱਕਲੇ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਸੰਸਾਰ ਦੀਆਂ ਜੇਲਾਂ ਦੀ ਦਿੱਕਤ ਬਣੀ ਹੋਈ ਹੈ। ਪਰ ਪੰਜਾਬ ਸਰਕਾਰ ਵਲੋਂ ਇਸ ਦੀ ਰੋਕਥਾਮ ਲਈ ਅਨੇਕਾਂ ਕਦਮ ਚੁੱਕੇ ਗਏ ਹਨ ਅਤੇ ਤਦ ਤਕ ਅਜਿਹਾ ਵਤੀਰਾ ਚਲਦਾ ਰਹੇਗਾ ਜਦ ਤਕ ਜੇਲਾਂ ਅੰਦਰ ਜੈਮਰ ਨਹੀਂ ਲੱਗ ਜਾਂਦੇ ਅਤੇ ਪੂਰੀ ਤਰ੍ਹਾਂ ਮੋਬਾਇਲ ਨੈੱਟਵਰਕ ਜਾਮ ਨਹੀਂ ਹੋ ਜਾਂਦੇ।

ਰੰਧਾਵਾ ਨੇ ਅਕਾਲੀਆਂ 'ਤੇ ਵਰ੍ਹਦਿਆਂ ਕਿਹਾ ਕਿ ਅਕਾਲੀਆਂ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਵਿਰਸਾ ਸਿੰਘ ਵਲਟੋਹਾ ਤੋਂ ਲੈ ਕੇ ਤੋਤਾ ਸਿੰਘ ਵਰਗੇ ਨਰਮੇਂ ਦੇ ਟੀਡੇ ਤਕ ਖਾ ਗਏ ਪਰ ਹੁਣ ਉਹ ਬੀਜ ਘੁਟਾਲੇ ਦੀਆਂ ਗੱਲਾਂ ਕਰ ਰਹੇ ਹਨ ਜਿਸ ਲਈ ਉਹ ਅਦਾਲਤ ਤੱਕ ਜਾ ਪੁੱਜੇ ਹਨ ਪਰ ਅਜਿਹੇ ਮਾਮਲੇ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਕਿਉਂਕਿ ਕਿਸੇ ਦੇ ਹਲਕੇ ਅੰਦਰ ਕੋਈ ਗ਼ਲਤ ਫ਼ੈਕਟਰੀ ਜਾਂ ਕਾਰਖ਼ਾਨਾ ਲੱਗ ਜਾਣ ਲਈ ਸਬੰਧਤ ਵਿਧਾਇਕ ਜ਼ੁੰਮੇਵਾਰ ਨਹੀਂ ਹੁੰਦਾ

ਕਿਉਂਕਿ ਪੰਜਾਬ ਅੰਦਰ ਕਾਨੂੰਨ ਦਾ ਰਾਜ ਹੈ ਨਾ ਕਿ ਅਕਾਲੀਆਂ ਦਾ। ਰੰਧਾਵਾ ਨੇ ਇਹ ਵੀ ਕਿਹਾ ਕਿ ਸਰਕਾਰ ਪੰਜਾਬ ਅੰਦਰੋਂ ਨਸ਼ੇ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੰਧਾਵਾ ਨੇ ਇਸ ਤੋਂ ਪਹਿਲਾਂ ਕੇਂਦਰੀ ਜੇਲ ਦਾ ਦੌਰਾ ਕਰ ਕੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ। ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਹਲਕਾ ਭੁੱਚੋ ਅੰਦਰ ਕੈਬਨਿਟ ਮੰਤਰੀ ਦਾ ਇਹ ਦੌਰਾ ਹਲਕੇ ਲਈ ਕਾਰਗਾਰ ਸਾਬਤ ਹੋਵੇਗਾ। ਉਧਰ ਰੰਧਾਵਾ ਨੇ ਵਿਧਾਇਕ ਕੋਟਭਾਈ ਦੀ ਵਿਕਾਸ ਪੱਖੀ ਸੋਚ ਦੀ ਵੀ ਸ਼ਲਾਘਾ ਕੀਤੀ।

ਅੰਤ ਵਿਚ ਪ੍ਰਧਾਨ ਜੋਨੀ ਬਾਂਸਲ ਦੇ ਪ੍ਰਵਾਰ ਨੇ ਕੈਬਨਿਟ ਮੰਤਰੀ ਰੰਧਾਵਾ ਅਤੇ ਵਿਧਾਇਕ ਕੋਟਭਾਈ ਦਾ ਸਨਮਾਨ ਕੀਤਾ। ਇਸ ਮੌਕੇ ਨਰਿੰਦਰ ਸਿੰਘ ਭੁਲੇਰੀਆ ਸਾਬਕਾ ਪ੍ਰਧਾਨ, ਚੇਅਰਮੈਨ ਹਰਮਨਵੀਰ ਸਿੰਘ ਜੈਸੀ ਕਾਂਗੜ, ਐਡਵੋਕੇਟ ਰੁਪਿੰਦਰਪਾਲ ਸਿੰਘ ਕੋਟਭਾਈ, ਚੇਅਰਮੈਨ ਨਾਹਰ ਸਿੰਘ, ਵਾਈਸ ਚੇਅਰਮੈਨ ਵਰਿੰਦਰ ਕੁਮਾਰ ਗਰਗ, ਜਸਵਿੰਦਰ ਜਸ ਬੱਜੋਆਣਾ, ਬਲਜਿੰਦਰ ਸ਼ਰਮਾਂ ਨਿੱਜੀ ਸਹਾਇਕ, ਮਨਮੋਹਨ ਢੀਗਰਾ ਵਾਈਸ ਚੇਅਰਮੈਨ, ਮੁਕੇਸ਼ ਸ਼ਰਮਾਂ, ਅਮਿਤ ਕੁਮਾਰ ਬੰਬੂ, ਧਰਮ ਸਿੰਘ ਮਾੜੀ ਵਾਈਸ ਚੇਅਰਮੈਨ, ਸਰਪੰਚ ਕੁਲਵਿੰਦਰ ਸਿੰਘ ਕਿੰਦਰਾ, ਸੁਖਦੇਵ ਸਿੰਘ ਸੁੱਖਾ ਤੁੰਗਵਾਲੀ, ਹਰਵਿੰਦਰ ਸਿੰਘ ਝੰਡਾ ਬੁਰਜ ਕਾਹਨ ਸਿੰਘ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਵਾਸੀ ਹਾਜ਼ਰ ਸਨ।