ਰੰਧਾਵਾ ਵਲੋਂ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ ਕੀਤਾ ਗਿਆ

Randhawa visits Bathinda Central Jail

ਬਠਿੰਡਾ, 6 ਜੁਲਾਈ (ਸੁਖਜਿੰਦਰ ਮਾਨ) : ਸੂਬੇ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਟੀ.ਐਫ਼ ਦੇ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ, ਆਈ.ਬੀ ਦੇ ਵਧੀਕ ਡਾਇਰੈਕਟਰ ਮਨਮੋਹਨ ਸਿੰਘ, ਏ.ਡੀ.ਜੀਪੀ ਜੇਲਾਂ ਪ੍ਰਵੀਨ ਸਿਨ੍ਹਾ ਤੋਂ ਇਲਾਵਾ ਆਈ.ਜੀ ਜਸਕਰਨ ਸਿੰਘ ਤੇ ਐਸ.ਐਸ.ਪੀ ਡਾ1 ਨਾਨਕ ਸਿੰਘ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਆਦਿ ਵੀ ਮੌਜੂਦ ਸਨ। ਸੂਚਨਾ ਮੁਤਾਬਕ ਇਸ ਮੌਕੇ ਸ. ਰੰਧਾਵਾ ਵਲੋਂ ਬਠਿੰਡਾ ਜੇਲ ਦਾ ਮੁਆਇੰਨਾ ਕੀਤਾ ਗਿਆ ਤੇ ਜੇਲ ਅੰਦਰ ਬਣੀਆਂ ਬੈਰਕਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈੱਕ ਕੀਤਾ।

ਜੇਲ ਸੂਤਰਾਂ ਮੁਤਾਬਕ ਬਾਅਦ 'ਚ ਉਕਤ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਬਠਿੰਡਾ ਜੇਲ ਤੋਂ ਇਲਾਵਾ ਸੂਬੇ ਦੀਆਂ ਦੂਜੀਆਂ ਜੇਲਾਂ ਵਿਚ  ਵੀ ਪੁੱਜਦੇ ਨਸ਼ਿਆਂ ਤੇ ਮੋਬਾਇਲ ਫ਼ੋਨਾਂ ਦੀ ਰੋਕਥਾਮ ਲਈ ਰਣਨੀਤੀ ਬਣਾਈ ਗਈ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜੇਲਾਂ ਅੰਦਰ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੇ ਮੁਕਾਬਲੇ ਜੇਲਾਂ ਅੰਦਰ ਨਸ਼ਿਆਂ ਤੇ ਮੋਬਾਈਲ ਫ਼ੋਨਾਂ ਦੀ ਆਮਦ ਕਾਫ਼ੀ ਘਟੀ ਹੈ ਪ੍ਰੰਤੂ ਹਾਲੇ ਵੀ ਇਸ ਉਪਰ ਰੋਕ ਲਗਾਉਣ ਲਈ ਸਖ਼ਤੀ ਕਰਨੀ ਜਰੂਰੀ ਹੈ। ਰੰਧਾਵਾ ਮੁਤਾਬਕ ਇਸਦੇ ਲਈ ਤਕਨੀਕ ਦੀ ਵਰਤੋਂ ਤੋਂ ਇਲਾਵਾ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਗ਼ੌਰਤਲਬ ਹੈ ਕਿ ਬਠਿੰਡਾ ਜੇਲ ਅੰਦਰ ਏ ਕੈਟਾਗਿਰੀ ਨਾਲ ਸਬੰਧਤ ਤਿੰਨ ਦਰਜ਼ਨ ਦੇ ਕਰੀਬ ਗੈਂਗਸਟਰ ਵੀ ਬੰਦ ਹਨ।