ਗਰਭਵਤੀ ਮਹਿਲਾ ਲਈ ਮਸੀਹਾ ਬਣਿਆ ASI, ਗਰੀਬ ਔਰਤ ਦੀ ਕਰਵਾਈ ਡਿਲੀਵਰੀ
ਬੇਟੀ ਦਾ ਕੀਤਾ ਨਾਮ ਕਰਨ ਕਰਕੇ ਕੱਟਿਆ ਕੇਕ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਹਿੰਦੇ ਨੇ ਕਿ ਰੱਬ ਕਦੋਂ, ਕਿੱਥੇ ਅਤੇ ਕਿਵੇਂ ਕਿਸ ਰੂਪ ਵਿਚ ਮਸੀਹਾ ਬਣ ਕੇ ਆ ਜਾਵੇ ਕੋਈ ਨਹੀਂ ਜਾਣਦਾ ਹੁੰਦਾ। ਅਜਿਹਾ ਹੀ ਹੋਇਆ ਗੁਰਦਾਸਪੁਰ ਦੇ ਇਕ ਪਿੰਡ ਦੀ ਰਹਿਣ ਵਾਲੀ ਰਜਨੀ ਨਾਮ ਦੀ ਔਰਤ ਦੇ ਨਾਲ, ਜੋ ਕਿ ਗਰੀਬੀ ਅਤੇ ਲਾਚਾਰੀ ਕਾਰਨ ਆਪਣੀ ਡਿਲੀਵਰੀ ਕਰਵਾਉਣ 'ਚ ਅਸਮਰਥ ਸੀ ਪਰ ਉਸਦੀ ਮਦਦ ਲਈ ਮਸੀਹਾ ਬਣ ਅੱਗੇ ਆਇਆ ਅੰਮ੍ਰਿਤਸਰ ਪੁਲਿਸ ਦਾ ਇਕ ਏਐਸਆਈ ਹਰਜੀਤ ਸਿੰਘ।
ਜਿਸਨੇ ਔਰਤ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਉਸਦੀ ਡਿਲੀਵਰੀ ਕਰਵਾਈ। ਜਾਣਕਾਰੀ ਅਨੁਸਾਰ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਜਿਸਦਾ ਨਾਮ ਕਰਨ ਏਐਸਆਈ ਹਰਜੀਤ ਸਿੰਘ ਨੇ ਕੀਤਾ ਅਤੇ ਖੁਸ਼ੀ ਵਿਚ ਕੇਕ ਕੱਟਿਆ।
ਗੱਲਬਾਤ ਕਰਦਿਆਂ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਰਜਨੀ ਨਾਮ ਦੀ ਇਕ ਗਰੀਬ ਅਤੇ ਲਾਚਾਰ ਔਰਤ ਜਿਸਦਾ ਘਰਵਾਲਾ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਡਿਲੀਵਰੀ ਕਰਵਾਉਣ ਵਿਚ ਅਸਮਰਥ ਹੈ। ਇਸ ਮੌਕੇ ਸਮਾਜ ਸੇਵੀ ਸੰਸਥਾ ਦੀ ਜੋਤੀ ਜੇਥਰਥ ਵੀ ਮੌਜੂਦ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਰਜਨੀ ਨੇ ਦਸਿਆ ਕਿ ਉਹ ਇਸ ਮਸੀਹਾ ਬਣੇ ਪੁਲਿਸ ਅਧਿਕਾਰੀ ਦਾ ਧੰਨਵਾਦ ਕਰਦੀ ਹੈ। ਇਸ ਮਾਮਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੰਝ ਹੀ ਇਨਸਾਨੀਅਤ ਨਾਤੇ ਲੋਕ ਇੱਕ ਦੂਸਰੇ ਦੀ ਬਾਂਹ ਫੜਨਗੇ ਤਾਂ ਗਰੀਬ ਲੋਕ ਗੁਰਬਤ ਦੀ ਜਿੰਦਗੀ ਚੋਂ ਬਾਹਰ ਆਓਣ ਦੇ ਸਮਰੱਥ ਹੋਣਗੇ।