ਕੈਪਟਨ ਅਮਰਿੰਦਰ ਸਿੰਘ ਦੀ ਪੌਣੇ ਦੋ ਘੰਟੇ ਲੰਮੀ ਸੋਨੀਆ ਗਾਂਧੀ ਨਾਲ ਮੀਟਿੰਗ
ਕੈਪਟਨ ਅਮਰਿੰਦਰ ਸਿੰਘ ਦੀ ਪੌਣੇ ਦੋ ਘੰਟੇ ਲੰਮੀ ਸੋਨੀਆ ਗਾਂਧੀ ਨਾਲ ਮੀਟਿੰਗ
ਹੁਣ ਸੱਭ ਦੀਆਂ ਨਜ਼ਰਾਂ ਸੋਨੀਆ ਗਾਂਧੀ ਦੇ ਐਲਾਨ ਵਲ
ਚੰਡੀਗੜ੍ਹ, 6 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਦੇ ਹੱਲ ਲਈ ਪਾਰਟੀ ਹਾਈਕਮਾਨ ਵਲੋਂ 200 ਤੋਂ ਵੱਧ ਆਗੂਆਂ ਅਤੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਤੋਂ ਬਾਅਦ ਅੱਜ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ | ਇਸ ਮੀਟਿੰਗ ਵਿਚ ਪਿ੍ਯੰਕਾ ਗਾਂਧੀ ਅਤੇ 3 ਮੈਂਬਰੀ ਕਮੇਟੀ ਦੇ ਪ੍ਰਧਾਨ ਮਲਕਾ ਅਰਜੁਨ ਖੜਗੇ ਵੀ ਸ਼ਾਮਲ ਰਹੇ | ਲੱਗਭਗ ਪੌਣੇ ਦੋ ਘੰਟੇ ਚਲੀ ਗੱਲਬਾਤ ਤੋਂ ਬਾਅਦ ਕੈਪਟਨ ਨੇ ਮੀਟਿੰਗ ਖ਼ਤਮ ਹੋਣ 'ਤੇ ਬਾਹਰ ਆ ਕੇ ਮੀਡੀਆ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਦਿਤੀ | ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਸੱਭ ਕੁੱਝ ਹਾਈਕਮਾਨ ਨੂੰ ਦੱਸ ਆਇਆਂ | ਪਾਰਟੀ ਦੇ ਅੰਦਰੂਨੀ ਤੇ ਸਰਕਾਰ ਦੇ ਮਸਲਿਆਂ 'ਤੇ ਗੱਲ ਹੋਈ | ਉਨ੍ਹਾਂ ਇਹ ਵੀ ਕਿਹਾ ਕਿ ਜੋ ਹਾਈਕਮਾਨ ਫ਼ੈਸਲਾ ਕਰੇਗਾ, ਉਹ ਸਾਨੂੰ ਮਨਜ਼ੂਰ ਹੋਵੇਗਾ ਅਤੇ ਪਾਰਟੀ ਤੇ ਸਰਕਾਰ ਸਹੀ ਤਰੀਕੇ ਨਾਲ ਚੱਲੇਗੀ |
ਉਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ | ਭਾਵੇਂ ਕੈਪਟਨ ਨੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿਤੀ ਪਰ ਕਾਂਗਰਸ ਸੂਤਰਾਂ ਮੁਤਾਬਕ ਉਨ੍ਹਾਂ ਨੇ ਹਾਈਕਮਾਨ ਵਲੋਂ 18 ਨੁਕਾਤੀ ਏਜੰਡੇ 'ਤੇ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਹੈ | ਉਹ ਇਸ ਸਬੰਧੀ ਪੂਰੀ ਤਿਆਰੀ ਕਰ ਕੇ ਗਏ ਸਨ | ੳਨ੍ਹਾਂ ਨੇ ਬੇਅਦਬੀ ਤੇ ਗੋਲੀਕਾਂਡ ਬਾਰੇ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਤੇਜ਼ੀ ਨਾਲ ਕਾਰਵਾਈ, ਬਿਜਲੀ ਸਮਝੌਤਿਆਂ ਦੇ ਚੱਲ ਰਹੇ ਰਿਵੀਊ, ਨਸ਼ਿਆਂ ਵਿਰੁਧ ਕਾਵਾਈ, ਮਾਈਨਿੰਗ ਤੇ ਹੋਰ ਮਾਫ਼ੀਆ ਵਿਰੁਧ ਚੁਕੇ ਜਾ ਰਹੇ ਕਦਮਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਆਦਿ ਦੇ ਮੁਦਿਆਂ 'ਤੇ ਚੱਲ ਰਹੀ ਕਾਰਵਾਈ ਦੇ ਵੇਰਵੇ ਦਿਤੇ | ਇਹ ਸਾਰੇ ਮੁੱਦੇ ਹਾਈਕਮਾਨ ਵਲੋਂ ਦਿਤੇ 18 ਨੁਕਾਤੀ ਏਜੰਡੇ ਦਾ ਅਹਿਮ ਹਿੱਸਾ ਹਨ |
ਮੀਟਿੰਗ ਤੋਂ ਪਹਿਲਾਂ ਸੀਨੀਅਰ ਕਾਂਗਰਸ ਆਗੂ ਤੇ ਕੈਪਟਨ ਦੇ ਨਜ਼ਦੀਕੀ ਡਾ. ਰਾਜ ਕੁਮਾਰ ਵੇਰਕਾ ਨੇ ਕੈਬਨਿਟ ਤੇ ਪਾਰਟੀ ਸੰਗਠਨ ਵਿਚ ਫੇਰਬਦਲ ਦੀ ਗੱਲ ਆਖੀ | ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਮਸਲਾ ਹੱਲ ਕਰਨ ਦੇ ਫ਼ਾਰਮੂਲੇ ਵਿਚ ਕੈਬਨਿਟ ਤੇ ਪਾਰਟੀ ਸੰਗਠਨ ਵਿਚ ਵੱਡਾ ਫੇਰਬਦਲ ਤੈਅ ਹੈ | ਨਵਾਂ ਪੰਜਾਬ ਕਾਂਗਰਸ ਪ੍ਰਧਾਨ ਲਾਉਣ ਤੋਂ ਇਲਾਵਾ ਦੋ ਐਕਟਿੰਗ ਪ੍ਰਧਾਨ ਬਣਾਉਣ ਅਤੇ ਦਲਿਤ ਉਪ ਮੁੱਖ ਮੰਤਰੀ ਲਾਉਣਾ ਕੀਤੇ ਜਾਣ ਵਾਲੇ ਸੰਭਾਵੀ ਹੱਲ 'ਚ ਸ਼ਾਮਲ ਹਨ |
ਨਵਜੋਤ ਸਿੰਘ ਸਿੱਧੂ ਨੂੰ ਦਿਤੀ ਜਾਣ ਵਾਲੀ ਭੂਮਿਕਾ ਬਾਰੇ ਹਾਲੇ ਗੱਲ ਬਾਹਰ ਨਹੀਂ ਆ ਰਹੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਜ਼ਰੂਰ ਮਿਲੇਗੀ | ਪਿ੍ਯੰਕਾ ਗਾਂਧੀ ਦੇ ਮੀਟਿੰਗ ਵਿਚ ਸ਼ਾਮਲ ਹੋਣ ਨੂੰ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਮੰਨਿਆ ਜਾ ਰਿਹਾ ਹੈ ਪਰ ਹੁਣ ਅੰਤਮ ਫ਼ੈਸਲਾ ਸੋਨੀਆਂ ਗਾਂਧੀ ਦੇ ਹੱਥ ਹੈ, ਜਿਸ ਦਾ ਅੱਜ ਜਾਂ ਭਲਕ ਤਕ ਐਲਾਨ ਸੰਭਵ ਹੈ |