ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਪੰਜ ਸੀਟਾਂ ਸਿੱਖ ਮੈਂਬਰਾਂ ਲਈ ਰਾਖਵੀਆਂ ਰੱਖੇ ਹੱਦਬੰਦੀ ਕਮਿਸ਼ਨ : ਅਕਾਲ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਪੰਜ ਸੀਟਾਂ ਸਿੱਖ ਮੈਂਬਰਾਂ ਲਈ ਰਾਖਵੀਆਂ ਰੱਖੇ ਹੱਦਬੰਦੀ ਕਮਿਸ਼ਨ : ਅਕਾਲੀ ਦਲ

image

ਚੰਡੀਗੜ੍ਹ, 6 ਜੁਲਾਈ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੰਮੂ ਕਸ਼ਮੀਰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਹੱਦਬੰਦੀ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ 5 ਸੀਟਾਂ ਸਿੱਖਾਂ ਲਈ ਰਾਖਵੀਂਆਂ ਰੱਖੀਆਂ ਜਾਣ।
ਪਾਰਟੀ ਦੇ ਸੀਨੀਅਰ ਆਗੁ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸ੍ਰੀਨਗਰ ਵਿਚ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ  ਜਸਟਿਸ (ਰਿਟਾ.) ਰੰਜਨ ਪ੍ਰਕਾਸ਼ ਦੇਸਾਈ ਨਾਲ ਸ੍ਰੀਨਗਰ ਵਿਚ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਇਸ ਮੰਗ ਬਾਰੇ ਪੱਤਰ ਉਨ੍ਹਾਂ ਨੂੰ ਸੌਂਪਿਆ। ਅਕਾਲੀ ਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਜੰਮੂ ਵਿਚ ਸਿੱਖਾਂ ਦੀਆਂ ਤਿੰਨ ਸੀਟਾਂ ਤੇ ਸ੍ਰੀਨਗਰ ਵਿਚ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ। ਕਮਿਸ਼ਨ ਨੇ ਇਸ ’ਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਹੱਦਬੰਦੀ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਤ ਅਨੇਕਾਂ ਵਾਰ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਵਾਅਦੇ ਕੀਤੇ ਗਏ ਕਿ ਲੋਕਤੰਤਰੀ ਪ੍ਰਕਿਰਿਆ ਵਿਚ ਵਿਵਸਥਾ ਕਰ ਕੇ ਸਿੱਖਾਂ ਦਾ ਸਮਾਜਕ ਤੇ ਆਰਥਕ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੀ ਤਜਵੀਜ਼ ਸੀ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਲਈ ਉਸੇ ਤਰਜ਼ ’ਤੇ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਜਿਵੇਂ ਸੰਸਦ ਵਿਚ ਐਂਗੋ ਇੰਡੀਅਨ ਕਮਿਊਨਿਟੀ ਦੇ ਦੋ ਬੰਦਿਆਂ ਵਾਸਤੇ ਸੰਸਦ ਵਿਚ ਤੇ ਵਿਧਾਨ ਸਭਾਵਾਂ ਵਿਚ ਹਨ ਪਰ ਅਫ਼ਸੋਸ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਵੰਡ ਤੋਂ ਬਾਅਦ ਸਿੱਖਾਂ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾਇਆ।
ਸਰਦਾਰ ਬਾਦਲ ਨੇ ਕਮਿਸ਼ਨਰ ਨੂੰ ਆਖਿਆ ਕਿ ਉਹ ਇਹ ਇਤਿਹਾਸਕ ਗ਼ਲਤੀ ਨੁੰ ਦਰੁੱਸਤ ਕਰਨ। ਇਸ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਮਿਸ਼ਨ ਮੈਂਬਰਾਂ ਨੂੰ ਸਾਰਾ ਮਾਮਲਾ ਸਮਝਾਇਆ ਤੇ ਦਸਿਆ ਕਿ ਸਿੱਖਾਂ ਦੀ ਜੰਮੂ ਕਸ਼ਮੀਰ ਨਾਲ ਅਮੀਰ ਇਤਿਹਾਸਕ ਤੇ ਸਭਿਆਚਾਰਕ ਸਾਂਝ ਹੈ। ਅਕਾਲੀ ਦਲ ਦੇ ਵਫ਼ਦ ਨੇ ਕਮਿਸ਼ਨ ਨੂੰ ਇਹ ਵੀ ਦਸਿਆ ਕਿ ਉਸ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਰਾਇ ਮਸ਼ਵਰਾ ਕੀਤਾ ਹੈ ਤੇ ਭਾਈਚਾਰਾ ਵੀ ਚਾਹੁੰਦਾ ਹੈ ਕਿ ਸਰਕਾਰ ਵਿਚ ਉਨ੍ਹਾਂ ਦੀ ਗੱਲ ਦਾ ਵਜ਼ਨ ਹੋਵੇ।