'ਜਿਹੜੀਆਂ ਪਾਰਟੀਆਂ ਸੰਸਦ ਸੈਸ਼ਨ ’ਚ ਕਿਸਾਨਾਂ ਦੀ ਆਵਾਜ਼ ਨਹੀਂ ਚੁਕਣਗੀਆਂ ਉਨ੍ਹਾਂ ਦਾ ਵਿਰੋਧ ਹੋਵੇਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਸ਼ਨ ਤੋਂ ਪਹਿਲਾਂ ਪਾਰਟੀਆਂ ਨੂੰ ਸੰਸਦ ਠੱਪ ਕਰਨ ਲਈ ਦਿਤੇ ਜਾਣਗੇ ਚੇਤਾਵਨੀ ਪੱਤਰ

Balbir Singh Rajewal

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਨੇ ਹੁਣ ਭਾਜਪਾ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਵਲੋਂ ਇਸ ਸਮੇਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਨਿਭਾਈ ਜਾ ਰਹੀ ਭੂਮਿਕਾ ਨੂੰ ਵੀ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿਤਾ ਹੈ। ਮੋਰਚੇ ਦੇ ਪ੍ਰਮੁੱਖ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਐਲਾਨ ਕੀਤਾ ਕਿ ਜਿਹੜੀਆਂ ਪਾਰਟੀਆਂ ਲੋਕ ਸਭਾ ਦੇ ਆਉਂਦੇ ਸੈਸ਼ਨ ਵਿਚ ਮਜ਼ਬੂਤੀ ਨਾਲ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਅਤੇ ਖੇਤੀ ਕਾਨੂੰਨਾਂ ਵਿਰੁਧ ਆਵਾਜ਼ ਚੁੱਕ ਕੇ ਸਰਕਾਰ ਨੂੰ ਸਦਨ ਵਿਚ ਨਹੀਂ ਘੇਰਨਗੀਆਂ, ਉਨ੍ਹਾਂ ਦਾ ਸੱਭ ਦਾ ਭਵਿੱਖ ਵਿਚ ਭਾਜਪਾ ਵਾਂਗ ਹੀ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਇਸੇ ਲਈ ਸੱਭ ਪਾਰਟੀਆਂ ਨੂੰ ਸੈਸ਼ਨ ਤੋਂ ਪਹਿਲਾਂ ਚੇਤਾਵਨੀ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਮਰਥਨ ਸੱਭ ਪਾਰਟੀਆਂ ਨੂੰ ਚਾਹੀਦਾ ਹੈ ਕਿ ਸਦਨ ਵਿਚ ਠੱਪ ਕਰ ਦੇਣ ਅਤੇ ਉਨਾ ਚਿਰ ਨਾ ਚਲਣ ਦੇਣ ਜਦ ਤਕ ਮੋਦੀ ਸਰਕਾਰ ਖੇਤੀ ਬਿਲ ਵਾਪਸ ਲੈਣ ਲਈ ਮਜਬੂਰ ਨਾ ਹੋਵੇ। ਕਿਸਾਨ ਅਪਣੇ ਤਰੀਕੇ ਨਾਲ ਹਰ ਰੋਜ਼ ਸੈਸ਼ਨ ਵਾਲੇ ਦਿਨ ਸੰਸਦ ਅੱਗੇ 200-200 ਦੇ ਜਥਿਆਂ ਦੇ ਰੂਪ ਵਿਚ ਅਪਣਾ ਰੋਸ ਪ੍ਰਗਟਾਉਣਗੇ।

ਇਸ ਵਿਚ ਹਰ ਇਕ ਜਥੇਬੰਦੀ ਦੇ 5-5 ਪ੍ਰਤੀਨਿਧ ਸ਼ਾਮਲ ਹੋਇਆ ਕਰਨਗੇ। ਉਨ੍ਹਾਂ ਦਸਿਆ ਕਿ ਰੋਸ ਮਾਰਚ ਵਾਲੇ ਕਿਸਾਨਾਂ ਨੂੰ ਮੋਰਚਾ ਬਕਾਇਦਾ ਆਈ ਕਾਰਡ ਦੇਵੇਗਾ ਤਾਂ ਜੋ ਕੋਈ ਗ਼ਲਤ  ਅਨਸਰ ਇਸ ਮੌਕੇ ਕਿਸਾਨਾਂ ਵਿਚ ਘੁਸਪੈਠ ਕਰ ਕੇ ਕੋਈ ਗੜਬੜੀ ਨਾ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ ਕਿਸਾਨ ਮੋਰਚਾ ਪੂਰੀਆਂ ਬੁਲੰਦੀਆਂ ’ਤੇ ਪਹੁੰਚ ਰਿਹਾ ਹੈ ਤੇ ਝੋਨੇ ਦੀ ਬਿਜਾਈ ਦਾ ਕੰਮ ਮੁਕਾ ਕੇ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਲਗਾਤਾਰ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਟਕਰਾਅ ਦਾ ਮਾਹੌਲ ਪੈਦਾ ਕਰ ਕੇ ਹਰ ਦਿਨ ਕੋਈ ਨਾ ਕੋਈ ਸਾਜ਼ਸ਼ ਰਚਦੀ ਹੈ ਪਰ ਹਾਲੇ ਤਕ ਕਾਮਯਾਬ ਨਹੀਂ ਹੋਈ। ਇਹ ਸ਼ਾਂਤਮਈ ਅੰਦੋਲਨ ਦਾ ਹੀ ਨਤੀਜਾ ਹੈ ਤੇ ਅੰਦੋਲਨ ਅੱਗੇ ਵੀ ਸ਼ਾਂਤਮਈ ਰਹੇਗਾ। 

ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਿਆਂ ਬਾਰੇ ਰਾਜੇਵਾਲ ਨੇ ਕਿਹਾ ਕਿ ਇਸ ਨਾਲ ਆਮ ਵਰਗ ਤਾਂ ਪ੍ਰਭਾਵਤ ਹੋ ਰਿਹਾ ਹੈ ਪਰ ਡੀਜ਼ਲ ਰੇਟ ਵਧਣ ਦੀ ਵੱਡੀ ਮਾਰ ਕਿਸਾਨਾਂ ਉਪਰ ਪੈ ਰਹੀ ਹੈ। ਤੇਲ ਰੇਟ ਵਧਣ ਨਾਲ ਮਹਿੰਗਾਈ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਨੇ 8 ਜੁਲਾਈ ਨੂੰ ਇਸ ਵਿਰੁਧ ਵੀ ਦੇਸ਼ ਪਧਰੀ ਐਕਸ਼ਨ ਦਾ ਫ਼ੈਸਲਾ ਕੀਤਾ ਹੈ।  ਇਸ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤਕ ਕਿਸਾਨ ਸੜਕਾਂ ’ਤੇ ਆ ਕੇ ਲਗਾਤਾਰ 8 ਮਿੰਟ ਅਪਣੇ ਹਰ ਤਰ੍ਹਾਂ ਦੇ ਵਾਹਨ ਸੜਕਾਂ ਕਿਨਾਰੇ ਖੜਾ ਕੇ ਹਾਰਨ ਵਜਾਉਣਗੇ ਤਾਂ ਜੋ ਰੋਸ ਦੀ ਆਵਾਜ਼ ਕੇਂਦਰ ਦੇ ਕੰਨਾਂ ਤਕ ਪਹੁੰਚ ਸਕੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਿਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸੜਕ ਜਾਮ ਨਾ ਲਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਮੋਤੀ ਮਹਿਲ ਵੱਲ ਬਿਜਲੀ ਮੁੱਦੇ ’ਤੇ ਰੋਸ ਮਾਰਚ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਬਿਜਲੀ ਸਪਲਾਈ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੜ ਬਿਜਲੀ ਸੰਕਟ ਪੈਦਾ ਹੁੰਦਾ ਹੈ ਤਾਂ ਰੋਸ ਮਾਰਚ ਦਾ ਪ੍ਰੋਗਰਾਮ ਮੁੜ ਐਲਾਨਿਆ ਜਾ ਸਕਦਾ ਹੈ।