ਕੋਰੋਨਾ ਕਾਰਨ ਮਿ੍ਤਕ ਲੋਕਾਂ ਦੇ ਪ੍ਰਵਾਰਾਂ ਨੂੰ ਦਿੱਲੀ ਸਰਕਾਰ ਦਵੇਗੀ 50 ਹਜ਼ਾਰ ਰੁਪਏ ਦੀ ਆਰਥਕ ਮਦਦ
ਕੋਰੋਨਾ ਕਾਰਨ ਮਿ੍ਤਕ ਲੋਕਾਂ ਦੇ ਪ੍ਰਵਾਰਾਂ ਨੂੰ ਦਿੱਲੀ ਸਰਕਾਰ ਦਵੇਗੀ 50 ਹਜ਼ਾਰ ਰੁਪਏ ਦੀ ਆਰਥਕ ਮਦਦ
ਨਵੀਂ ਦਿੱਲੀ, 6 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਾਰਨ ਅਪਣੇ ਮੈਂਬਰ ਨੂੰ ਗੁਆਉਣ ਵਾਲੇ ਪ੍ਰਵਾਰਾਂ ਨੂੰ ਆਰਥਕ ਮਦਦ ਪ੍ਰਦਾਨ ਕਰਨ ਲਈ ਮੰਗਲਵਾਰ ਨੂੰ ਇਕ ਸਮਾਜਕ ਸੁਰੱਖਿਆ ਯੋਜਨਾ ਅਤੇ ਇਕ ਪੋਰਟਲ ਦੀ ਸ਼ੁਰੂਆਤ ਕੀਤੀ | 'ਮੁੱਖ ਮੰਤਰੀ ਕੋਵਿਡ-19 ਪ੍ਰਵਾਰ ਆਰਥਕ ਮਦਦ ਯੋਜਨਾ' ਦੇ ਅਧੀਨ ਕੋਰੋਨਾ ਨਾਲ ਅਪਣੇ ਮੈਂਬਰ ਨੂੰ ਗੁਆਉਣ ਵਾਲੇ ਹਰੇ ਪ੍ਰਵਾਰ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿਤੀ ਜਾਵੇਗੀ | ਇਸ ਤੋਂ ਇਲਾਵਾ ਜੇਕਰ ਵਿਅਕਤੀ ਪ੍ਰਵਾਰ 'ਚ ਇਕਮਾਤਰ ਕਮਾਉਣ ਵਾਲਾ ਸੀ ਤਾਂ ਉਸ ਦੇ ਪ੍ਰਵਾਰ ਨੂੰ ਮਹੀਨਾਵਾਰ 2500 ਰੁਪਏ ਦੀ ਵਾਧੂ ਮਦਦ ਦਿਤੀ ਜਾਵੇਗੀ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਦੀਆਂ 4 ਲਹਿਰਾਂ ਦਾ ਸਾਹਮਣਾ ਕੀਤਾ ਹੈ | ਚੌਥੀ ਲਹਿਰ ਨੇ ਲਗਭਗ ਹਰ ਪ੍ਰਵਾਰ ਨੂੰ ਪ੍ਰਭਾਵਿਤ ਕੀਤਾ ਅਤੇ ਕਈ ਲੋਕਾਂ ਦੀ ਜਾਨ ਲਈ | ਉਨ੍ਹਾਂ ਕਿਹਾ,''ਕਈ ਬੱਚੇ ਅਨਾਥ ਹੋਏ | ਕਈ ਪ੍ਰਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗੁਆ ਦਿਤਾ | ਅਜਿਹੀ ਸਥਿਤੀ 'ਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ |'' ਕੇਜਰੀਵਾਲ ਨੇ ਇਹ ਵੀ ਦਸਿਆ ਕਿ ਅਸੀਂ ਇਹ ਇੰਤਜ਼ਾਰ ਨਹੀਂ ਕਰਾਂਗੇ ਕਿ ਕੌਣ-ਕੌਣ ਆਨਲਾਈਨ ਅਪਲਾਈ ਕਰ ਰਿਹਾ ਹੈ ਸਗੋਂ ਅਸੀਂ ਉਨ੍ਹਾਂ ਦੇ ਘਰਾਂ ਤਕ ਖੁਦ ਜਾਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ | (ਏਜੰਸੀ)