ਨਾਰਕੋ ਟੈਸਟ ਲਈ ਉਮਰਾਨੰਗਲ ਦੀ ਹਾਂ, ਸੁਮੇਧ ਸੈਣੀ ਦੀ ਨਾਂਹ, ਮੁੜ ਸੁਣਵਾਈ 9 ਨੂੰ
ਨਾਰਕੋ ਟੈਸਟ ਲਈ ਉਮਰਾਨੰਗਲ ਦੀ ਹਾਂ, ਸੁਮੇਧ ਸੈਣੀ ਦੀ ਨਾਂਹ, ਮੁੜ ਸੁਣਵਾਈ 9 ਨੂੰ
'ਕੋਟਕਪੂਰਾ ਗੋਲੀਕਾਂਡ'
ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) : ਨਵੀਂ ਗਠਿਤ ਕੀਤੀ ਐਸਆਈਟੀ ਨੇ ਅਪਣੀਆਂ ਸਰਗਰਮੀਆਂ 'ਚ ਵਾਧਾ ਕਰਦਿਆਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਕੀਤੇ ਗਏ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਵਲੋਂ ਜਾਂਚ ਦੌਰਾਨ ਸੱਚ ਛੁਪਾ ਰਹੇ ਹੋਣ 'ਤੇ 'ਸਿੱਟ' ਵਲੋਂ ਅਦਾਲਤ 'ਚ ਦਰਖਾਸਤ ਦੇ ਕੇ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਅੱਜ ਫ਼ਰੀਦਕੋਟ ਸ਼ੈਸ਼ਨ ਕੋਰਟ ਵਿਚ ਸੁਣਵਾਈ ਹੋਈ ਪਰ ਉਕਤ ਤਿੰਨੋ ਨਾਮਜ਼ਦ ਪੁਲਿਸ ਅਧਿਕਾਰੀ ਅਦਾਲਤ ਵਿਚ ਪੇਸ਼ ਨਾ ਹੋਏ | ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ਅੱਗੇ ਅਪਣਾ ਪੱਖ ਰੱਖਿਆ, ਜਿਸ ਤੋਂ ਬਾਅਦ ਅਦਾਲਤ ਵਲੋਂ ਅਗਲੀ ਸੁਣਵਾਈ 9 ਜੁਲਾਈ 2021 ਪਾ ਦਿਤੀ ਗਈ ਹੈ |
ਸੂਤਰਾਂ ਮੁਤਾਬਕ ਸਾਬਕਾ ਡੀਜੀਪੀ.ਸੁਮੇਧ ਸੈਣੀ ਅਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਕਰਵਾਉਣ ਤੋਂ ਸਾਫ਼ ਨਾਂਹ ਕਰ ਦਿਤੀ ਹੈ, ਜਦਕਿ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ਲਈ ਸਹਿਮਤੀ ਜਤਾਉਂਦੇ ਹੋਏ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਟੈਸਟ ਕੀਤੇ ਜਾਣ ਦੀ ਮੰਗ ਕੀਤੀ ਹੈ | ਜ਼ਿਲ੍ਹੇ ਦੇ ਕਸਬਾ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਉਕਤ ਪੁਲਿਸ ਅਧਿਕਾਰੀਆਂ ਦੀ ਜਗ੍ਹਾ ਉਨ੍ਹਾਂ ਦੇ ਵਕੀਲਾਂ ਨੇ ਤਰੀਕ ਭੁਗਤੀ ਅਤੇ ਅਦਾਲਤ ਅੱਗੇ ਅਪਣਾ ਰਖਿਆ |
ਦਸਣਯੋਗ ਹੈ ਕਿ ਬੀਤੀ 11 ਜੂਨ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਉਕਤ ਅਧਿਕਾਰੀਆਂ ਦਾ ਨਾਰਕੋ ਟੈਸਟ ਕਰਵਾਉਣ ਦੀ ਆਗਿਆ ਦਿਤੀ ਜਾਵੇ | ਐਸਆਈਟੀ ਨੇ ਕਿਹਾ ਸੀ ਕਿ ਉਕਤ ਤਿੰਨੋਂ ਨਾਮਜ਼ਦ ਜਾਂਚ ਵਿਚ ਸੱਚ ਛੁਪਾ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ | ਇਸ 'ਤੇ ਫ਼ਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਨੇ ਉਕਤਾਨ ਨੂੰ 22 ਜੂਨ ਨੂੰ ਪੇਸ਼ ਹੋ ਕੇ ਅਪਣਾ ਪੱਖ ਰੱਖਣ ਲਈ ਨੋਟਿਸ ਕੀਤਾ ਸੀ ਪਰ ਸੁਮੇਧ ਸਿੰਘ ਸੈਣੀ ਸਮੇਤ ਤਿੰਨੋਂ ਅਧਿਕਾਰੀ ਅਦਾਲਤ 'ਚ ਪੇਸ਼ ਨਹੀਂ ਹੋਏ ਸਨ, ਜਿਸ ਤੋਂ ਬਾਅਦ ਪੜਾਅ ਦਰ ਪੜਾਅ ਸੁਣਵਾਈ ਜਾਰੀ ਹੈ |