ਦੁਕਾਨਾਂ ’ਤੇ ਸਰਿੰਜਾਂ ਵਿਚ ਭਰ ਕੇ ਵੇਚੀ ਜਾ ਰਹੀ ਜੈਲੀ, ਕੀ ਪੰਜਾਬ ਵਿਰੁਧ ਕੀਤੀ ਜਾ ਰਹੀ ਕੋਈ ਵੱਡੀ ਸਾਜ਼ਸ਼?
ਖਾਣ ਵਾਲੀਆਂ ਚੀਜ਼ਾਂ ਦੀ ਆੜ ਵਿਚ ਸਰਿੰਜਾਂ ਨਾਲ ਬੱਚਿਆਂ ਦਾ ਵਾਸਤਾ ਦੇ ਸਕਦੈ ਵੱਡੇ ਖ਼ਤਰੇ ਨੂੰ ਸੱਦਾ
ਸ੍ਰੀ ਮੁਕਤਸਰ ਸਾਹਿਬ (ਕੋਮਲਜੀਤ ਕੌਰ, ਸੋਨੂ ਖੇੜਾ) : ਪੰਜਾਬ ਵਿਚ ਹੁਣ ਦੁਕਾਨਾਂ 'ਤੇ ਸਰਿੰਜਾਂ ਵਿਚ ਜੈਲੀ ਭਰ ਕੇ ਵੇਚੀ ਜਾ ਰਹੀ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਸ ਨੇ ਕਈ ਸਵਾਲ ਖੜੇ ਕਰ ਦਿਤੇ ਹਨ।
ਇਕ ਪਾਸੇ ਜਿਥੇ ਪੰਜਾਬ ਵਿਚੋਂ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਸਰਿੰਜਾਂ ਵਿਚ ਜੈਲੀ ਭਰ ਕੇ ਬੱਚਿਆਂ ਨੂੰ ਪਰੋਸੀ ਜਾ ਰਹੀ ਹੈ। ਕਿਸੇ ਵੀ ਆਦਤ ਨੂੰ ਸੁਭਾਅ ਬਣਾਉਣ ਵਿਚ ਬਚਪਨ ਸੱਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਆੜ ਵਿਚ ਸਰਿੰਜਾਂ ਨਾਲ ਬੱਚਿਆਂ ਦਾ ਵਾਸਤਾ ਵੱਡੇ ਖ਼ਤਰੇ ਨੂੰ ਸੱਦਾ ਦੇ ਸਕਦਾ ਹੈ।
ਮਹਿਜ਼ ਪੰਜ ਰੁਪਏ ਵਿਚ ਵੇਚੀਆਂ ਜਾ ਰਹੀਆਂ ਜੈਲੀ ਵਾਲੀਆਂ ਇਨ੍ਹਾਂ ਸਰਿੰਜਾਂ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਇਹ ਪੰਜਾਬ ਵਿਰੁਧ ਕੋਈ ਵੱਡੀ ਸਾਜ਼ਸ਼ ਹੈ? ਜੇਕਰ ਬੱਚਿਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਕੌਣ ਹੋਵੇਗਾ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਸਰਿੰਜਾਂ ਨਾਲ ਜੋੜਨ ਦਾ ਮਕਸਦ ਕੀ ਹੋ ਸਕਦਾ ਹੈ।
ਇਸ ਤੋਂ ਵੀ ਵੱਧ ਇਨ੍ਹਾਂ ਸਰਿੰਜਾਂ 'ਤੇ ਕਿਸੇ ਵੀ ਕੰਪਨੀ ਦਾ ਨਾ ਤਾਂ ਮਾਰਕਾ ਅਤੇ ਨਾ ਹੀ ਇਨ੍ਹਾਂ ਦੀ ਮਿਆਦ ਤਰੀਕ ਲਿਖੀ ਹੋਈ ਹੈ। ਇਹ ਸਰਿੰਜਾਂ ਨਵੀਆਂ ਹਨ ਜਾਂ ਪਹਿਲਾਂ ਵਰਤੋਂ ਵਿਚ ਆ ਚੁੱਕੀਆਂ ਹਨ, ਇਸ ਬਾਰੇ ਵੀ ਸਪਸ਼ਟ ਰੂਪ ਵਿਚ ਕੁੱਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ: ਸਿਆਸੀ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਪੇਂਡੂ ਵਿਕਾਸ ਫ਼ੰਡ ਦਾ ਮਾਮਲਾ : ਸਾਂਸਦ ਵਿਕਰਮਜੀਤ ਸਾਹਨੀ
ਬੱਚਿਆਂ ਲਈ ਖਾਣ ਵਾਲੀਆਂ ਚੀਜ਼ਾਂ ਹੀ ਸਰਿੰਜਾਂ ਵਿਚ ਵਿਕਣ ਲੱਗ ਪਈਆਂ ਤਾਂ ਬਰਬਾਦ ਹੋ ਜਾਵੇਗਾ ਭਵਿੱਖ : ਵਸਨੀਕ
ਕਿਹਾ, ਤੁਰਤ ਲਗਾਈ ਜਾਵੇ ਵਿਕਰੀ 'ਤੇ ਪਾਬੰਦੀ
ਦੁਕਾਨਾਂ 'ਤੇ ਸ਼ਰ੍ਹੇਆਮ ਵਿਕ ਰਹੀਆਂ ਇਨ੍ਹਾਂ ਜੈਲੀ ਵਾਲੀਆਂ ਸਰਿੰਜਾਂ ਨੂੰ ਬੱਚੇ ਖਰੀਦ ਰਹੇ ਹਨ। ਇਨ੍ਹਾਂ ਵਿਚਲੀ ਜੈਲੀ ਖਾਣ ਮਗਰੋਂ ਬੱਚੇ ਉਨ੍ਹਾਂ ਖ਼ਾਲੀ ਸਰਿੰਜਾਂ ਨਾਲ ਖੇਡ ਰਹੇ। ਇਸ ਨੂੰ ਲੈ ਕੇ ਸਥਾਨਕ ਵਸਨੀਕਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜੇਕਰ ਬੱਚਿਆਂ ਲਈ ਖਾਣ ਵਾਲੀਆਂ ਚੀਜ਼ਾਂ ਹੀ ਸਰਿੰਜਾਂ ਵਿਚ ਵਿਕਣ ਲੱਗ ਪਈਆਂ ਤਾਂ ਉਹ ਆਸਾਨੀ ਨਾਲ ਇਸ ਦੇ ਆਦੀ ਹੋ ਜਾਣਗੇ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਗ਼ਲਤ ਵਰਤੋਂ ਵੀ ਕਰ ਸਕਦੇ ਹਨ। ਇਸ ਲਈ ਇਨ੍ਹਾਂ ਜੈਲੀ ਵਾਲੀਆਂ ਸਰਿੰਜਾਂ ਦੀ ਵਿਕਰੀ 'ਤੇ ਤੁਰਤ ਪਾਬੰਦੀ ਲਗਾਈ ਜਾਵੇ ਅਤੇ ਇਸ ਮਨਸੂਬੇ ਪਿਛੇ ਜੋ ਵੀ ਹੈ, ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ
ਹੁਣ ਧਿਆਨ ਵਿਚ ਆਇਆ ਮਾਮਲਾ, ਕੀਤੀ ਜਾਵੇਗੀ ਸਖ਼ਤ ਕਾਰਵਾਈ : ਸਿਹਤ ਵਿਭਾਗ
ਉਧਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਮਸਲਾ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਗ਼ੈਰ ਮਾਰਕਾ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਕੇ ਸਰਿੰਜਾਂ ਵੇਚੀਆਂ ਜਾ ਰਹੀਆਂ ਹਨ ਜੋ ਕਿ ਗ਼ੈਰ-ਕਾਨੂੰਨੀ ਹੈ। ਇਸ ਪੂਰੇ ਮਾਮਲੇ ਦੀ ਤਹਿ ਤਕ ਪਹੁੰਚਿਆ ਜਾਵੇਗਾ ਕਿ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਸਰਿੰਜਾਂ ਵਿਚ ਜੈਲੀ ਵੇਚਣ ਦੀ ਮਨਜ਼ੂਰੀ ਕਿਸ ਨੇ ਦਿਤੀ ਹੈ। ਜੋ ਵੀ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।