ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜ੍ਹ ਰੋਕਥਾਮ ਉਪਾਵਾਂ ਲਈ ਖਰਚ ਕੀਤੇ ਗਏ ਤਕਰੀਬਨ 230 ਕਰੋੜ ਰੁਪਏ

Punjab government has made adequate arrangements to deal with possible flood-like situation: Barinder Kumar Goyal

ਚੰਡੀਗੜ੍ਹ: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਭਰ ਵਿੱਚ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।

ਇਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਹੜ੍ਹਾਂ ਜਿਹੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਭਰ ਵਿੱਚ ਚੱਲ ਰਹੇ ਯਤਨਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮੌਜੂਦਾ ਹੜ੍ਹ ਨਿਯੰਤਰਣ ਉਪਾਵਾਂ ਦੀ ਸਥਿਤੀ ਅਤੇ ਸੰਭਾਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਕੈਬਨਿਟ ਮੰਤਰੀ ਨੂੰ ਹੜ੍ਹ ਸੁਰੱਖਿਆ ਉਪਾਵਾਂ ਅਤੇ ਸੰਵੇਦਨਸ਼ੀਲ ਖੇਤਰਾਂ ਲਈ ਵਿਸਤ੍ਰਿਤ ਤਿਆਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਸਰਕਾਰ ਨੇ ਵੱਖ-ਵੱਖ ਹੜ੍ਹ ਪ੍ਰਬੰਧਨ ਪਹਿਲਕਦਮੀਆਂ ਲਈ ਲਗਭਗ 230 ਕਰੋੜ ਰੁਪਏ ਖਰਚੇ ਹਨ। ਇਹ ਵੀ ਦੱਸਿਆ ਗਿਆ ਕਿ ਐਸ.ਡੀ.ਐਮ.ਐਫ, ਮਨਰੇਗਾ ਅਤੇ ਵਿਭਾਗੀ ਅਮਲੇ ਵੱਲੋਂ ਕੁੱਲ 599 ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਵਿਭਾਗੀ ਮਸ਼ੀਨਰੀ ਅਤੇ ਠੇਕੇਦਾਰਾਂ ਰਾਹੀਂ 4,766 ਕਿਲੋਮੀਟਰ ਲੰਮੀਆਂ ਡਰੇਨਾਂ, ਨਦੀਆਂ ਅਤੇ ਚੋਆਂ ਦੀ ਸਫਾਈ ਦੇ ਨਾਲ-ਨਾਲ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਤੋਂ ਇਲਾਵਾ ਕੁੱਲ 1,044 ਚੈੱਕ ਡੈਮ ਅਤੇ 3,957 ਸੋਕ ਪਿਟ ਵੀ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ 53,400 ਬਾਂਸ ਦੇ ਪੌਦੇ ਲਗਾਉਣ ਦੇ ਨਾਲ-ਨਾਲ 294 ਕਿਲੋਮੀਟਰ ਹਿੱਸੇ 'ਤੇ ਵੈਟੀਵਰ ਘਾਹ ਵੀ ਲਗਾਇਆ ਗਿਆ ਹੈ।

ਕੈਬਨਿਟ ਮੰਤਰੀ ਨੂੰ ਦੱਸਿਆ ਗਿਆ ਕਿ ਵਿਭਾਗ ਨੇ 7.79 ਲੱਖ ਸੈਂਡ ਬੈਗ ਖਰੀਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 4 ਲੱਖ ਬੋਰੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ, ਜੋ ਹੜ੍ਹਾਂ ਵਰਗੇ ਹੰਗਾਮੀ ਅਤੇ ਸੰਭਾਵੀ ਹਾਲਾਤਾਂ ਨਾਲ ਫੌਰੀ ਨਜਿੱਠਣ ਲਈ ਰਣਨੀਤਕ ਤੌਰ 'ਤੇ ਸਾਰੇ ਜ਼ਿਲ੍ਹਿਆਂ ਵਿੱਚ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ ਪਹਿਲੀ ਵਾਰ ਜੰਬੋ ਬੈਗ ਵੀ ਖਰੀਦੇ ਹਨ ਜੋ ਟੀਮਾਂ ਨੂੰ ਬੰਨ੍ਹ ਲਾਉਣ ਜਾਂ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਦੌਰਾਨ ਕਿਸੇ ਵੀ ਸੰਭਾਵੀ ਪਾੜ ਨੂੰ ਜਲਦੀ ਭਰਨ ਵਿੱਚ ਮਦਦ ਕਰਨਗੇ।

ਫੀਲਡ ਅਧਿਕਾਰੀਆਂ ਅਤੇ ਇੰਜੀਨੀਅਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਵੱਡੇ ਦਰਿਆਵਾਂ, ਡਰੇਨਾਂ ਅਤੇ ਚੋਆਂ ਵਿੱਚ ਪਾਣੀ ਦੇ ਮੌਜੂਦਾ ਪੱਧਰ ਦੀ ਸਮੀਖਿਆ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਰੇਨਾਂ ‘ਚੋਂ ਗਾਰ ਕੱਢਣ ਅਤੇ ਇਸ ਦੀ ਸਫਾਈ, ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਵਿਭਾਗੀ ਅਮਲੇ ਦੇ ਕਾਰਜਾਂ ਸਮੇਤ ਹੜ੍ਹ ਸੁਰੱਖਿਆ ਉਪਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।

ਉਨ੍ਹਾਂ ਨੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਸਮੇਂ ਸਿਰ ਨਜਿੱਠਣ ਲਈ ਖਾਸ ਕਰਕੇ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਖ਼ਤ ਚੌਕਸੀ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਸ੍ਰੀ ਗੋਇਲ ਵੱਲੋਂ ਕੰਟਰੋਲ ਰੂਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਣ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਲੋੜੀਂਦੀ ਮਸ਼ੀਨਰੀ ਅਤੇ ਸਮੱਗਰੀ ਨਾਲ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।

ਵੱਡੇ ਦਰਿਆਵਾਂ ਅਤੇ ਡਰੇਨਾਂ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਮਾਨ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ 2023 ਦੇ ਨਾਜ਼ੁਕ ਹਾਲਾਤਾਂ ਤੋਂ ਲਏ ਗਏ ਤਜਰਬੇ ਨੂੰ ਮੌਜੂਦਾ ਯੋਜਨਾਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੁਕੰਮਲ ਹੋਏ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਨਿਗਰਾਨੀ ਲਈ ਜ਼ਿਲ੍ਹਾ ਅਤੇ ਸਰਕਲ ਅਧਿਕਾਰੀਆਂ ਨਾਲ ਨਿਯਮਤ ਤੌਰ 'ਤੇ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਕੈਬਨਿਟ ਮੰਤਰੀ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਸਟਾਫ਼ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਆਪਣੀ ਸੇਵਾ ਤਨਦੇਹੀ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚੀਫ਼ ਇੰਜੀਨੀਅਰ (ਡਰੇਨੇਜ-ਕਮ-ਮਾਈਨਿੰਗ) ਸ੍ਰੀ ਹਰਦੀਪ ਸਿੰਘ ਮਹਿੰਦੀਰੱਤਾ ਅਤੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।