ਸ਼ਰਾਬ ਕਾਂਡ ਦੇ ਦੋਸ਼ੀਆਂ ਨਾਲ ਸਾਜ਼ਸ਼ਕਾਰਾਂ 'ਤੇ ਵੀ ਕਤਲ ਦਾ ਪਰਚਾ ਦਰਜ ਹੋਵੇ : ਜਾਖੜ
ਡਿਊਟੀ 'ਚ ਅਣਗਹਿਲੀ ਵਰਤਣ ਵਾਲਿਆਂ ਲਈ ਮੁਅੱਤਲੀ ਕਾਫ਼ੀ ਨਹੀਂ
ਚੰਡੀਗੜ੍ਹ, 6 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਕਿਹਾ ਕਿ ਸ਼ਰਾਬ ਕਾਂਡ ਦੇ ਦੋਸ਼ੀਆਂ ਦੇ ਨਾਲ-ਨਾਲ ਇਸ ਮਨੁੱਖਤਾ ਵਿਰੋਧੀ ਕਾਰੇ ਵਿਚ ਸ਼ਾਮਲ ਸਾਜਸ਼ਕਰਤਾਵਾਂ, ਫ਼ਾਇਨੈਂਸਰਾਂ, ਸਰਪ੍ਰਸਤਾਂ ਅਤੇ ਅਪਣੀ ਡਿਊਟੀ ਵਿਚ ਅਣਗਹਿਲੀ ਕਰਨ ਵਾਲੇ ਸਾਰੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਮਿਸਾਲੀ ਸਜ਼ਾਵਾਂ ਦਿਤੀਆਂ ਜਾਣ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਰਹੀ ਸੀ
ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਨਾਲ ਸੂਬੇ ਵਿਚ ਪਿਛਲੇ 10 ਸਾਲ ਤੋਂ ਚੱਲ ਰਿਹਾ ਜੰਗਲ ਰਾਜ ਖ਼ਤਮ ਹੋ ਕੇ ਕਾਨੂੰਨ ਦਾ ਰਾਜ ਸਥਾਪਤ ਹੋਇਆ ਸੀ। ਪਰ ਸ਼ਰਾਬ ਕਾਂਡ ਕਾਰਨ ਸਰਕਾਰ ਦੀ ਛਵੀ ਨੂੰ ਵੀ ਵੱਟਾ ਲੱਗਿਆ ਹੈ। ਪਰ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਇਸ ਕਾਰਨ ਹੋਈਆਂ ਮੌਤਾਂ ਨੂੰ ਕਤਲ ਮੰਨਿਆ ਜਾਵੇਗਾ ਅਤੇ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਹੋਵੇਗੀ ਇਸ ਨਾਲ ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਵਿਸਵਾਸ਼ ਹੋਰ ਪੱਕਾ ਹੋਇਆ ਹੈ ਅਤੇ ਲੋਕ ਮਨਾਂ ਨੂੰ ਸਰਕਾਰ ਦੇ ਇਸ ਨਿਰਣੇ ਨਾਲ ਤਸੱਲੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਇਸ ਵਿਸਵਾਸ਼ ਨੂੰ ਚਿਰਸਥਾਈ ਬਣਾਈ ਰੱਖਣ ਲਈ ਲਾਜ਼ਮੀ ਹੈ ਕਿ ਇਸ ਕੇਸ ਵਿਚ ਜਾਂਚ ਦਾ ਕੰਮ ਤੇਜੀ ਨਾਲ ਹੋਵੇ ਅਤੇ ਦੋਸ਼ੀਆਂ ਦੇ ਨਾਲ-ਨਾਲ ਇਸ ਸਾਜਸ਼ ਵਿਚ ਸ਼ਾਮਲ ਲੋਕਾਂ, ਫ਼ਾਇਨੈਂਸਰਾਂ, ਸਰਪ੍ਰਸਤਾਂ ਨੂੰ ਵੀ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਵਿਰੁਧ ਵੀ ਕਤਲ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਖਿਆ ਹੈ ਕਿ ਇਸ ਕਾਂਡ ਦੀ ਸਰਪ੍ਰਸਤੀ ਵਿਚ ਜੋ ਕੋਈ ਵੀ ਸ਼ਾਮਲ ਹੋਵੇਗਾ ਚਾਹੇ ਉਹ ਕੋਈ ਸਿਆਸਤਦਨ ਹੋਵੇ ਜਾਂ ਅਧਿਕਾਰੀ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ। ਸ਼੍ਰੀ ਜਾਖੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਧੰਦਿਆਂ ਦੀਆਂ ਜੜ੍ਹਾਂ 10-15 ਸਾਲ ਡੁੰਘੀਆਂ ਹਨ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।