ਗਿਆਨੀ ਇਕਬਾਲ ਸਿੰਘ ਸਮੁੱਚੀ ਕੌਮ ਕੋਲੋਂ ਮਾਫ਼ੀ ਮੰਗਣ : ਭਾਈ ਸਖੀਰਾ
ਉਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਰਾਮ ਜਨਮ ਭੂਮੀ ਮੰਦਰ ਨਿਰਮਾਣ ਦੇ ਭੂਮੀ ਪੂਜਣ ਸਮਾਰੋਹ ਦੌਰਾਨ ਤਖਤ ਸ੍ਰੀ
ਅੰਮ੍ਰਿਤਸਰ, 6 ਅਗੱਸਤ (ਪਰਮਿੰਦਰਜੀਤ): ਉਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਰਾਮ ਜਨਮ ਭੂਮੀ ਮੰਦਰ ਨਿਰਮਾਣ ਦੇ ਭੂਮੀ ਪੂਜਣ ਸਮਾਰੋਹ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਅੰਸ਼ ਬੰਸ਼ ਦਸਣਾ ਇਖ਼ਲਾਕ ਤੋਂ ਡਿੱਗੇ ਸ਼ਬਦਾਂ ਦਾ ਇਸਤੇਮਾਲ ਕਰਨ ਬਰਾਬਰ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਈ ਜਰਨੈਲ ਸਿੰਘ ਸਖੀਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰ ਇਕ ਧਰਮ ਤੇ ਵਰਗ ਦਾ ਮਾਣ-ਸਨਮਾਨ ਤੇ ਸਤਿਕਾਰ ਕਰਦੇ ਹਨ। ਪਰ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਅਜਿਹੇ ਮੌਕੇ ਅਜਿਹੀ ਘਟੀਆ ਤੇ ਨਿੰਦਣਯੋਗ ਬਿਆਨਬਾਜ਼ੀ ਕਰਨਾ ਸਿੱਖ ਕੌਮ ਤੇ ਸਿੱਖ ਪੰਥ ਨੂੰ ਨੀਵਾਂ ਦਿਖਾਉਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਲਗਦਾ ਹੈ ਗਿਆਨੀ ਇਕਬਾਲ ਸਿੰਘ ਸਿੱਖ ਗੁਰੂਆਂ ਦੇ ਕੁਰਬਾਨੀਆਂ ਭਰੇ ਸੁਨਹਿਰੀ ਇਤਿਹਾਸ ਤੇ ਸਿੱਖ ਫ਼ਲਸਫ਼ੇ ਤੋਂ ਅਣਜਾਣ ਹਨ। ਉਨ੍ਹਾਂ ਨੂੰ ਸਿੱਖ ਬੁੱਧੀਜੀਵੀ ਵਰਗ ਕੋਲੋਂ ਸਿਖਣ ਤੇ ਟਿਊਸ਼ਨ ਲੈਣ ਦੀ ਲੋੜ ਹੈ। ਭਾਈ ਸਖੀਰਾ ਨੇ ਕਿਹਾ ਕਿ ਸਿੱਖ ਪੰਥ, ਸਿੱਖ ਕੌਮ, ਸਿੱਖ ਪ੍ਰੰਪਰਾਵਾਂ ਤੇ ਰਵਾਇਤਾਂ ਦਾ ਸਮੁੱਚੀ ਦੁਨੀਆਂ ਵਿਚ ਇਕ ਵਖਰਾ ਰੁਤਬਾ ਤੇ ਮੁਕਾਮ ਹੈ ਤੇ ਅਜਿਹੇ ਚਰਕੜੇ ਗਿਆਨੀ ਇਕਬਾਲ ਸਿੰਘ ਨੂੰ ਇਸ ਨੂੰ ਕਲੰਕਿਤ ਕਰਨ ਦੀ ਹਰਗਿਜ਼ ਆਗਿਆ ਨਹੀਂ ਦਿਤੀ ਜਾਵੇਗੀ। ਉਸ ਨੂੰ ਸਮੁੱਚੀ ਕੌਮ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਬਿਆਨਬਾਜ਼ੀ ਦਾ ਵਿਸ਼ਵ ਪੱਧਰ ’ਤੇ ਰੋਸ ਅਤੇ ਵਿਰੋਧ ਹੈ ਜਿਸ ਦਾ ਖਮਿਆਜ਼ਾ ਗਿਆਨੀ ਇਕਬਾਲ ਸਿੰਘ ਨੂੰ ਭੁਗਤਣਾ ਪਵੇਗਾ।