ਗਿਆਨੀ ਇਕਬਾਲ ਸਿੰਘ ਨੇ ਖ਼ਾਲਸੇ ਦੇ ਨਿਆਰੇਪਣ ਨੂੰ ਢਾਅ ਲਾਉਣ ਵਾਲੀਆਂ ਗੱਲਾਂ ਕੀਤੀਆਂ : ਜਥੇਦਾਰ ਭੌਰ
ਦੋ ਸ਼ਖ਼ਸੀਅਤਾਂ ਚਰਚਾ ਦਾ ਵਿਸ਼ਾ ਬਣੀਆਂ ਇਕ ਪ੍ਰਧਾਨ ਮੰਤਰੀ ਅਤੇ ਦੂਜਾ ਗਿਆਨੀ ਇਕਬਾਲ ਸਿੰਘ
ਸ੍ਰੀ ਅਨੰਦਪੁਰ ਸਾਹਿਬ, 6 ਅਗੱਸਤ (ਭਗਵੰਤ ਸਿੰਘ ਮਟੌਰ): ਰਾਮ ਮੰਦਰ ਦੇ ਨਿਰਮਾਣ ਦੀ ਆਰੰਭਤਾ ਸਮੇਂ ਅਯੁਧਿਆ ਵਿਚ ਆਯੋਜਤ ਸਮਾਗਮ ਸਮੇਂ ਵੱਖ-ਵੱਖ ਧੜਿਆਂ ਵਿਚ ਵੰਡੀ ਸਿੱਖ ਕੌਮ ਨੇ ਸ਼ਾਮਲ ਨਾ ਹੋ ਕੇ, ਕੌਮੀ ਹਿਤਾਂ ਦੀ ਰਾਖੀ ਕੀਤੀ ਹੈ ਕਿਉਂਕਿ ਇਕ ਰੱਬ ਦਾ ਘਰ ਢਾਅ ਕੇ ਦੂਜੇ ਰੱਬ ਦਾ ਘਰ ਬਣਾਉਣ ਨੂੰ ਪੰਥਕ ਵਿਚਾਰਧਾਰਾ ਕੋਈ ਮਹੱਤਵ ਨਹੀਂ ਦਿੰਦੀ। ਗੁਰਮਤਿ ਵਿਚਾਰਧਾਰਾ ਤਾਂ ਦੂਸਰਿਆਂ ਦੇ ਧਰਮ ਨੂੰ ਬਚਾਉਣ ਖ਼ਾਤਰ ਖ਼ੁਦ ਨੂੰ ਕੁਰਬਾਨ ਕਰਨ ਦੀ ਹੈ।
ਦੋ ਸ਼ਖ਼ਸੀਅਤਾਂ ਇਸ ਸਮਾਗਮ ਦੌਰਾਨ ਚਰਚਾ ਦਾ ਵਿਸ਼ਾ ਬਣੀਆਂ । ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜਾ ਗਿਆਨੀ ਇਕਬਾਲ ਸਿੰਘ, ਕਿਉਂਕਿ ਇਸ ਮੌਕੇ ਉਨ੍ਹਾਂ ਵਲੋਂ ਸਿੱਖੀ ਦੇ ਨਿਆਰੇਪਣ ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਗਏ। ਗੁਰਮਤਿ ਦਾ ਸਿਧਾਂਤ ਹੈ ਕਿ ਜੇ ਕਿਸੇ ਵਿਅਕਤੀ ਨੇ ਖ਼ਾਲਸਾ ਪੰਥ ਵਿਚ ਪ੍ਰਵੇਸ਼ ਕਰਨਾ ਹੈ ਤਾਂ ਉਸ ਨੂੰ ਅਪਣੀ ਕੁਲਨਾਸ਼, ਕਰਮ ਨਾਸ਼ ਅਤੇ ਵੰਸ਼ ਦਾ ਨਾਸ਼ ਕਰਨਾ ਪੈਂਦਾ ਹੈ।
ਗਿਆਨੀ ਇਕਬਾਲ ਸਿੰਘ ਨੇ ਕੌਮੀ ਭਾਵਨਾਵਾਂ ਦੇ ਉਲਟ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਖ਼ਾਲਸੇ ਦੇ ਨਿਆਰੇਪਣ ਨੂੰ ਢਾਅ ਲਾਉਣ ਵਾਲੀਆਂ ਗੱਲਾਂ ਕੀਤੀਆਂ। ਉਨ੍ਹਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਰਾਮ ਦੀ ਅੰਸ਼ ਵਿਚੋਂ ਹੀ ਸਨ ਦਸਿਆ ਗਿਆ। ਜੇ ਅੰਸ਼ ਵੰਸ਼ ਦੀ ਕੋਈ ਮਹੱਤਤਾ ਹੁੰਦੀ ਤਾਂ ਧੀਰਮੱਲੀਆਂ ਅਤੇ ਰਾਮ ਰਾਈਆਂ ਦਾ ਰੁਤਬਾ ਕੁੱਝ ਹੋਰ ਹੀ ਹੋਣਾ ਸੀ। ਇਸ ਨੇ ਹਮੇਸ਼ਾ ਹੀ ਸਿੱਖੀ ਦੇ ਬ੍ਰਾਹਮਣੀਕਰਨ ਵਾਲੀਆਂ ਕਰਤੂਤਾਂ ਕੀਤੀਆਂ ਹਨ।
ਦੂਜਾ ਹਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਕ ਰਾਮਾਇਣ ਦਾ ਰਚੇਤਾ ਦਸ ਕੇ ਕੀਤਾ ਗਿਆ ਹੈ, ਇਕ ਪੰਡਤ ਗੋਬਿੰਦ ਦੀ ਰਚੀ ਰਾਮਾਇਣ ਨੂੰ ਗੁਰੂ ਸਾਹਿਬ ਨਾਲ ਜੋੜਨਾ ਗੰਭੀਰ ਸਾਜ਼ਸ਼ ਹੈ । ਖ਼ਾਲਸਾ ਪੰਥ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਜਾਗਰੂਕ ਸਿੱਖਾਂ ਅਤੇ ਪੰਥਦਰਦੀਆਂ ਦੀ ਇਕੱਤਰਤਾ ਬੁਲਾ ਕੇ ਅਜਿਹੀਆਂ ਹਰਕਤਾਂ ਦਾ ਉਤਰ ਦੇਣ ਲਈ ਠੋਸ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।