ਅਕਾਲੀ-ਭਾਜਪਾ ਦਾ ਵਫ਼ਦ ਮਿਲਿਆ ਰਾਜਪਾਲ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਹਿਰੀਲੀ ਸ਼ਰਾਬ ਦੇ ਧੰਦੇ ਦੀ ਜਾਂਚ ਜੱਜ ਜਾਂ ਸੀ.ਬੀ.ਆਈ ਤੋਂ ਕਰਵਾਉ

SAD-BJP delegation meets Governor

ਚੰਡੀਗੜ੍ਹ, 6 ਅਗੱਸਤ (ਜੀ.ਸੀ.ਭਾਰਦਵਾਜ): ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਜ਼ਿਲਿ੍ਹਆਂ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਜ਼ਹਿਰੀਲੀ ਸ਼ਰਾਬ ਨਾਲ 118 ਮੌਤਾਂ, 45 ਬੰਦੇ ਹਸਪਤਾਲਾਂ ਵਿਚ ਭਰਤੀ ਹੋਣ ਜਿਨ੍ਹਾਂ ਵਿਚੋਂ 15 ਵਿਅਕਤੀਆਂ ਦੀ ਨਜ਼ਰ ਜਾ ਚੁਕੀ ਹੈ ਅਤੇ ਜ਼ਹਿਰੀਲੀ ਸ਼ਰਾਬ ਤੇ ਗ਼ੈਰ ਕਾਨੂੰਨੀ ਡਿਸਟਿਲਰੀਆਂ ਪੰਜਾਬ ਵਿਚ ਜ਼ਾਹਰਾ ਤੌਰ ’ਤੇ ਕਾਂਗਰਸੀ ਨੇਤਾਵਾਂ ਵਲੋਂ ਚਲਾਈਆਂ ਜਾਣ ਦਾ ਦੋਸ਼ ਅਤੇ ਮੁੱਖ ਮੰਤਰੀ ’ਤੇ ਬਤੌਰ ਐਕਸਾਈਜ਼ ਮਹਿਕਮੇ ਦਾ ਇੰਚਾਰਜ ਹੋਣ ਦਾ ਦੋਸ਼ ਮੜ੍ਹਦੇ ਹੋਏ ਅਕਾਲੀ ਬੀਜੇਪੀ ਦਾ ਵਫ਼ਦ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਰਾਜ ਭਵਨ ਦੇ ਬਾਹਰ ਗੇਟ ’ਤੇ ਮਿਲਿਆ।

ਕੋਰੋਨਾ ਵਾਇਰਸ ਕਾਰਨ ਅਪਣੀ ਸੁਰੱਖਿਆ ਦੇ ਘੇਰੇ ਵਿਚੋਂ ਬਾਹਰ ਆ ਕੇ ਸ਼ਾਮ 5 ਵਜੇ ਧੁੱਪ ਵਿਚ ਖੜੇ ਹੋ ਕੇ ਰਾਜਪਾਲ ਨੇ ਵਫ਼ਦ ਦੇ ਨੇਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਤੇ ਬ੍ਰਿਤਾਂਤ ਅਤੇ ਪੀੜਤ ਪ੍ਰਵਾਰਾਂ ਦੀਆਂ 2 ਬੀਬੀਆਂ ਦੀ ਗੱਲਬਾਤ 20 ਬੜੇ ਧਿਆਨ ਨਾਲ ਸੁਣੀ ਅਤੇ ਦੁੱਖ ਤੇ ਅਫ਼ਸੋਸ ਵੀ ਪ੍ਰਗਟ ਕੀਤਾ। ਬੀਜੇਪੀ ਵਲੋਂ ਸਾਬਕਾ ਪ੍ਰਧਾਨ ਮਨੋਰੰਜਨ 

ਕਾਲੀਆ ਨੇ ਪੰਜਾਬ ਵਿਚ ਨਸ਼ਿਆਂ ਤੇ ਜ਼ਹਿਰੀਲੀ ਸ਼ਰਾਬ ਦਾ ਦੁਖਾਂਤ ਵਰਣਨ ਕੀਤਾ। ਦੋਵਾਂ ਪਾਰਟੀਆਂ ਤੇ ਸਾਂਝੇ ਗਠਜੋੜ ਵਲੋਂ ਦਿਤੇ ਅੰਗਰੇਜ਼ੀ ਤੇ ਪੰਜਾਬੀ ਵਿਚ 4 ਸਫ਼ਿਆਂ ਦੇ ਮੈਮੋਰੰਡਮ ਬਾਰੇ ਰਾਜਪਾਲ ਕੋਲ ਵਰਣਨ ਕਰਦੇ ਹੋਏ ਕਾਂਗਰਸ ਸਰਕਾਰ ਦੇ ਵਿਧਾਇਕਾਂ, ਮੰਤਰੀਆਂ, ਨੇਤਾਵਾਂ ਅਤੇ ਹੋਰ ਲੀਡਰਾਂ ਵਲੋਂ ਖ਼ੁਦ, ਸ਼ਰਾਬ ਦੇ ਗ਼ੈਰ ਕਾਨੂੰਨੀ ਧੰਦਿਆਂ ਅਤੇ ਨਾਜਾਇਜ਼ ਡਿਸਟਿਲਰੀਆਂ ਰਾਜਪੁਰਾ ਖੰਨਾ ਤੇ ਹੋਰ ਥਾਵਾਂ ’ਤੇ ਚਲਾਈਆਂ ਜਾ ਰਹੀਆਂ ਦਾ ਖੁਲ੍ਹ ਕੇ ਪਰਦਾਫ਼ਾਸ਼ ਗਵਰਨਰ ਸਾਹਮਣੇ ਕੀਤਾ ਗਿਆ।

ਇਸ ਵੇਲੇ ਮੁੱਖ ਮੰਤਰੀ ਖ਼ੁਦ ਐਕਸਾਈਜ਼ ਮਹਿਕਮੇ ਦੇ ਇੰਚਾਰਜ ਹਨ ਉਹ ਗ੍ਰਹਿ ਮੰਤਰੀ ਵੀ ਹਨ, ਉਨ੍ਹਾਂ ਦੇ ਕੰਟਰੋਲ ਵਿਚ ਪੁਲਿਸ ਤੇ ਡੀ.ਜੀ.ਪੀ. ਹਨ, ਫਿਰ ਵੀ ਦੋਸ਼ੀ ਨੇਤਾਵਾਂ ਨੂੰ ਫੜਿਆ ਨਹੀਂ ਜਾਂਦਾ, ਇਸ ਅਣਗਹਿਲੀ ’ਤੇ ਵਫ਼ਦ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਇਨਕੁਆਰੀ ਹਾਈ ਕੋਰਟ ਦੇ ਜੱਜ ਜਾਂ ਨਿਰਪੱਖ ਏਜੰਸੀ ਸੀ.ਬੀ.ਆਈ ਤੋਂ ਕਰਵਾਈ ਜਾਵੇ। ਸੁਖਬੀਰ ਬਾਦਲ ਨੇ ਮੀਡੀਆ ਹਾਜ਼ਰੀ ਵਿਚ ਰਾਜਪਾਲ ਸਾਹਮਣੇ, ਜੋਸ਼ ਤੇ ਦੁੱਖ ਭਰੇ ਬਿਆਨ ਵਿਚ ਅੰਗਰੇਜ਼ੀ ਤੇ ਪੰਜਾਬੀ ਵਿਚ ਕਿਹਾ ਕਿ ਮੁੱਖ ਮੰਤਰੀ ਅਪਣੇ ਮਹਿਲਾਂ ਤੇ ਫ਼ਾਰਮ ਹਾਊਸ ਵਿਚ ਆਰਾਮ ਕਰ ਰਹੇ ਹਨ ਜਦੋਂ ਗ਼ਰੀਬ ਪ੍ਰਵਾਰਾਂ ਦੇ 118 ਜੀਅ, ਨਕਲੀ ਤੇ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਮਰ ਗਏ।

ਇਸ ’ਤੇ ਰਾਜਪਾਲ ਬਹੁਤ ਗੰਭੀਰ ਹੋ ਗਏ ਅਤੇ ਉਨ੍ਹਾਂ ਇਹ ਵੀ ਅਫ਼ਸੋਸ ਵਿਚ ਕਿਹਾ ਕਿ ਉਹ ਪੀੜਤ ਬੀਬੀਆਂ ਤੇ ਹੋਰਾਂ ਨੂੰ ਰਾਜ ਭਵਨ ਦੇ ਬਾਹਰ ਹੋਣ ਕਰ ਕੇ ਪਾਣੀ ਤੇ ਚਾਹ ਵੀ ਨਹੀਂ ਪਿਲਾ ਸਕਦੇ। ਇਸ ਮੌਕੇ ਹੋਰ ਅਕਾਲੀ ਨੇਤਾਵਾਂ ਵਿਚ ਅੱਜ ਐਮ.ਪੀ. ਬਲਵਿੰਦਰ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਗਰੇਵਾਲ, ਡਾ. ਦਿਲਜੀਤ ਚੀਮਾ, ਐਨ.ਕੇ. ਸ਼ਰਮਾ, ਬੰਟੀ ਰੋਮਾਣਾ ਯੂਥ ਨੇਤਾ, ਚਰਨਜੀਤ ਬਰਾੜ ਤੇ ਹੋਰ ਸ਼ਾਮਲ ਸਨ। 

ਸੁਖਬੀਰ ਬਾਦਲ ਨੇ ਕਈ ਕਾਂਗਰਸੀ ਆਗੂਆਂ ਨੂੰ ਦੋਸ਼ੀ ਠਹਿਰਾਇਆ
ਸੁਖਬੀਰ ਬਾਦਲ ਨੇ ਖੁਲ੍ਹ ਕੇ ਰਾਜਪਾਲ ਸਾਹਮਣੇ, ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਮਨਜੀਤ ਸਿੱਕੀ, ਭੁੱਲਰ, ਰਾਣਾ ਗੁਰਜੀਤ, ਪਰਮਜੀਤ ਸਰਨਾ ਅਤੇ ਹੋਰਨਾਂ ਨੂੰ ਦੋਸ਼ੀ ਠਹਿਰਾਇਆ ਅਤੇ ਇਹ ਵੀ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਪ੍ਰਧਾਨ ਵੀ ਚੁੱਪ ਹੈ। ਇਸ ਦੁਖਾਂਤ ’ਤੇ ਜਿਹੜਾ ਮੌਜੂਦਾ ਸਰਕਾਰ ਵੇਲੇ ਵਾਪਰਿਆ ਵਫ਼ਦ ਨੇ ਮੰਗ ਕੀਤੀ ਕਿ ਦੋਸ਼ੀ ਵਿਧਾਇਕਾਂ, ਨੇਤਾਵਾਂ ਵਿਰੁਧ ਕਤਲ ਕੇਸ ਦਰਜ ਹੋਵੇ, ਪੀੜਤਾਂ ਦੇ ਪ੍ਰਵਾਰਾਂ ਨੂੰ 20-20 ਲੱਖ ਦਾ ਮੁਆਵਜ਼ਾ ਮਿਲੇ, ਨਾਜਾਇਜ਼ ਸ਼ਰਾਬ ਧੰਦੇ ਬੰਦ ਹੋਣ ਅਤੇ ਸਰਕਾਰ ਬਰਖ਼ਾਸਤ ਕੀਤੀ ਜਾਵੇ ਤਾਕਿ ਨਿਰਪੱਖ ਇਨਕੁਆਰੀ ਹੋ ਸਕੇ।