ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁਕੇਗੀ : ਭਾਈ ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਵਿਚ ਲਿਆ ਗਿਆ ਫ਼ੈਸਲਾ

Bhai Longowal

ਚੰਡੀਗੜ੍ਹ, 6 ਅਗੱਸਤ (ਨੀਲ ਭਾਲਿੰਦਰ ਸਿੰਘ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ਦੇ ਸਿੱਖਾਂ ਲਈ ਇਕ ਵੱਡਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਪ੍ਰਵਾਨ ਕੀਤਾ ਗਿਆ ਕਿ ਅਫ਼ਗਾਨਿਸਤਾਨ ਰਹਿੰਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਕਰੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਅਫ਼ਗਾਨਿਸਤਾਨ ਵਸਦੇ ਸਿੱਖਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ, ਉਨ੍ਹਾਂ ਦਾ ਜੀਵਨ ਅਤੇ ਇੱਜ਼ਤ ਮਹਿਫੂਜ਼ ਨਹੀਂ ਹੈ। ਇਸ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਅਫ਼ਗਾਨੀ ਸਿੱਖਾਂ ਨੂੰ ਭਾਰਤ ਵਸਾਉਣ ਲਈ ਮਦਦ ਕੀਤੀ ਜਾਵੇਗੀ। ਇਥੇ ਆਉਣ ਮਗਰੋਂ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਵੀ ਸਹਿਯੋਗ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਯੂ.ਏ.ਪੀ.ਏ. ਤਹਿਤ ਸਿੱਖ ਨੌਜੁਆਨਾਂ ਨੂੰ ਪੁਲਿਸ ਵਲੋਂ ਪ੍ਰੇਸ਼ਾਨ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਪਾਸੋਂ ਇਸ ਕਾਨੂੰਨ ਦੀ ਦੁਰਵਰਤੋਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਘਟਣ ਸਬੰਧੀ ਸੋਸ਼ਲ ਮੀਡੀਆ ’ਤੇ ਮਨਘੜਤ ਬਿਆਨਬਾਜ਼ੀ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਜਿਹੇ ਲੋਕਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿਚ ਜਾਂਚ ਜਾਰੀ ਹੈ ਅਤੇ ਜੋ ਵੀ ਰੀਪੋਰਟ ਆਵੇਗੀ, ਉਸ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਗੁਰੂ ਸਾਹਿਬਾਨ ਨੂੰ ਲਵ ਕੁਸ਼ ਦੀ ਵੰਸ਼ ਵਿਚੋਂ ਕਹਿਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਵਿਗਾੜਨਾ ਸਾਬਕਾ ਜਥੇਦਾਰ ਨੂੰ ਸ਼ੋਭਾ ਨਹੀਂ ਦਿੰਦਾ।

ਉਨ੍ਹਾਂ ਇਹ ਵੀ ਦਸਿਆ ਕਿ ਅੰਤ੍ਰਿੰਗ ਕਮੇਟੀ ਵਲੋਂ ਸਿੱਖ ਪੰਥ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਦਲੀਪ ਸਿੰਘ ਮੱਲੂਨੰਗਲ, ਸ਼ਹੀਦ ਭਾਈ ਜੰਗ ਸਿੰਘ ਕਰਨਾਲ, ਕਰਤਾਰ ਸਿੰਘ ਬਰਿਆਰਾਂ ਵਾਲੇ, ਬਾਬਾ ਹਰਦਵ ਸਿੰਘ ਲੂਲੋਂ ਵਾਲੇ, ਹਾਕਮ ਸਿੰਘ ਵਸਾਊਕੋਟ ਅਤੇ ਸ. ਦਲੀਪ ਸਿੰਘ ਤਲਵੰਡੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। 

ਇਕੱਤਰਤਾ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਸ਼ੇਰ ਸਿੰਘ ਮੰਡਵਾਲਾ, ਸ. ਭੁਪਿੰਦਰ ਸਿੰਘ ਅਸੰਧ, ਸ. ਮੰਗਵਿੰਦਰ ਸਿੰਘ ਖਾਪੜਖੇੜ ਆਦਿ ਮੌਜੂਦ ਸਨ।