ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਗੱਲਬਾਤ ਦੇ ਹਾਂ ਪੱਖੀ ਨਤੀਜੇ ਆਉਣ ਲੱਗੇ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਗੱਲਬਾਤ ਦੇ ਹਾਂ ਪੱਖੀ ਨਤੀਜੇ ਆਉਣ ਲੱਗੇ

image


ਦਫ਼ਤਰੀ ਸਟਾਫ਼ ਨੇ ਫ਼ਿਲਹਾਲ ਕਲਮ ਛੋੜ ਹੜਤਾਲ ਵਾਪਸ ਲਈ, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਕਾਮਿਆਂ ਨੇ ਵੀ ਚੱਕਾ ਜਾਮ ਐਕਸ਼ਨ ਮੁਲਤਵੀ ਕੀਤਾ

ਚੰਡੀਗੜ੍ਹ, 6 ਅਗੱਸਤ (ਗੁਰਉਪਦੇਸ਼ ਭੁੱਲਰ): ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿਚ ਮੰਗਾਂ ਬਾਰੇ ਮਿਲੇ ਭਰੋਸਿਆਂ ਦੇ ਮੱਦੇਨਜ਼ਰ ਫ਼ਿਲਹਾਲ ਪੰਜਾਬ ਦੇ ਦਫ਼ਤਰੀ ਮੁਲਾਜ਼ਮਾਂ ਨੇ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ ਕਲਮ ਛੋੜ ਹੜਤਾਲ ਫ਼ਿਲਹਾਲ ਵਾਪਸ ਲੈ ਲਈ ਗਈ ਹੈ ਅਤੇ ਅਗਲੀ ਰਣਨੀਤੀ ਦਾ ਫ਼ੈਸਲਾ 8 ਅਗੱਸਤ ਨੂੰ  ਮੀਟਿੰਗ ਵਿਚ ਲਿਆ ਜਾਵੇਗਾ | 
ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਨੇ ਵੀ ਸਰਕਾਰ ਵਲੋਂ ਤਨਖ਼ਾਹ ਵਿਚ 15 ਫ਼ੀ ਸਦੀ ਵਾਧੇ ਦੀ ਗਰੰਟੀ ਦੇ ਭਰੋਸੇ ਤੋਂ ਬਾਅਦ ਇਸ ਪੇਸ਼ਕਸ਼ ਬਾਰੇ ਵਿਚਾਰ ਕਰਨ ਲਈ 7 ਅਗੱਸਤ ਨੂੰ  ਲੁਧਿਆਣਾ ਵਿਚ ਸੂਬਾ ਪਧਰੀ ਮੀਟਿੰਗ ਸੱਦੀ ਹੋਈ ਹੈ | ਇਸੇ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੰਟਰੈਕਟਰ ਸਟਾਫ਼ ਨੇ ਵੀ 8 ਅਗੱਸਤ ਤੋਂ ਕੀਤਾ ਜਾਣ ਵਾਲਾ ਤਿੰਨ ਦਿਨ ਦਾ ਚੱਕਾ ਜਾਮ ਐਕਸ਼ਨ ਫ਼ਿਲਹਾਲ ਮੁਲਤਵੀ ਕਰ ਦਿਤਾ ਗਿਆ ਹੈ | ਪਨਬਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਸਿਆ ਕਿ ਇਹ ਫ਼ੈਸਲਾ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗ ਵਿਚ ਮੰਗਾਂ ਬਾਰੇ ਮਿਲੇ ਭਰੋਸੇ ਤੋਂ ਬਾਅਦ ਲਿਆ ਗਿਆ ਹੈ | 

ਉਨ੍ਹਾਂ ਕਿਹਾ ਕਿ ਮੰਗਾਂ 'ਤੇ ਕਾਰਵਾਈ ਭਰੋਸੇ ਮੁਤਾਬਕ ਨਾ ਹੋਣ 'ਤੇ 20 ਦਿਨ ਬਾਅਦ ਮੁੜ ਅੰਦੋਲਨ ਦੇ ਪ੍ਰੋਗਰਾਮ ਬਾਰੇ ਫ਼ੈਸਲਾ ਲਿਆ ਜਾਵੇਗਾ | ਇਸੇ ਤਰ੍ਹਾਂ ਕੱਚੇ ਅਧਿਆਪਕਾਂ ਦੀ ਸਰਕਾਰ ਨਾਲ ਚਲ ਰਹੀ ਗੱਲਬਾਤ ਵਿਚ ਵੀ ਪ੍ਰਗਤੀ ਹੋ ਰਹੀ ਹੈ ਅਤੇ ਸਰਕਾਰ ਵਲੋਂ ਨਵੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਹੋਣ ਬਾਅਦ ਮਾਮਲਾ ਨਿਪਟ ਸਕਦਾ ਹੈ | 
ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਇਸ ਸਬੰਧੀ ਕੱਚੇ ਅਧਿਆਪਕਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ ਹੈ | ਇਸ ਤਰ੍ਹਾਂ ਹੁਣ ਸਰਕਾਰ ਨੇ ਮੁਲਾਜ਼ਮਾਂ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮਾਮਲਿਆਂ ਨੂੰ  ਨਿਪਟਾਉਣ ਦੇ ਯਤਨ ਤੇਜ਼ ਕੀਤੇ ਹਨ ਜਿਸ ਦੇ ਹਾਂ ਪੱਖੀ ਨਤੀਜੇ ਵੀ ਦਿਖਣ ਲੱਗੇ ਹਨ |  ਕੱਚੇ ਮੁਲਾਜ਼ਮਾਂ ਨੂੰ  ਪੱਕੇ ਕਰਨ ਦੇ ਮਾਮਲੇ ਨੂੰ  ਲੇ ਕੇ ਵੀ ਸਰਕਾਰ ਨੇ ਯਤਨ ਤੇਜ਼ ਕਰ ਦਿਤੇ ਹਨ | ਇਸ ਸਬੰਧ ਵਿਚ ਬਣਾਏ ਜਾ ਰਹੇ ਐਕਟ ਦੀਆਂ ਕੁੱਝ ਸ਼ਰਤਾਂ ਵਿਚ ਛੋਟ ਦੇ ਕੇ ਸਰਕਾਰ ਮਾਮਲਾ ਹੱਲ ਕਰ ਸਕਦੀ ਹੈ |

ਡੱਬੀ
50 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ  ਟਾਈਪ ਟੈਸਟ ਤੋਂ ਛੋਟ
ਇਸੇ ਦੌਰਾਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਦੇ ਤਹਿਤ ਹੀ ਇਕ ਹੋਰ ਅਹਿਮ ਮੰਗ ਪ੍ਰਵਾਨ ਕਰ ਕੇ ਇਸ ਬਾਰੇ ਨੋਟੀਫ਼ੀਕੇਸ਼ਨ ਵੀ ਜਾਰੀ ਕਰ ਦਿਤਾ ਹੈ | ਪ੍ਰਸੋਨਲ ਵਿਭਾਗ ਵਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ 50 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਟੈਨੋ ਟਾਈਪਿਸਟਾਂ ਨੂੰ  ਜੂਨੀਅਰ ਸਕੇਲ ਸਟੈਨੋਗ੍ਰਾਫ਼ ਵਜੋਂ ਤਰੱਕੀ ਦਾ ਮੌਕਾ ਹਾਸਲ ਕਰਨ ਲਈ ਸ਼ਾਰਟ ਹੈਾਡ ਟੈਸਟ ਪਾਸ ਕਰਨ ਦੀ ਲੋੜ ਨਹੀਂ |